ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪਾਕਿਸਤਾਨ ਦੀ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਨੂੰ ਪੱਤਰ ਲਿਖ ਕੇ ਲਾਹੌਰ ਦੇ ਅੰਦਰੂਨੀ ਸ਼ਹਿਰ ਵਿੱਚ ਸਿੱਖ ਇਤਿਹਾਸ ਨਾਲ ਸਬੰਧਤ ਵਿਰਾਸਤੀ ਸਥਾਨਾਂ ਦੀ ਸੁਰੱਖਿਆ ਅਤੇ ਸੰਭਾਲ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਲਾਹੌਰ ਅੰਦਰੂਨ ਸਥਿਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਸਬੰਧਤ ਲਾਲ ਖੂਹ, ਕੱਟੜੀ ਚੰਦੂ ਦੀ ਮੌਜੂਦਾ ਸਥਿਤੀ ਦੀ ਜਾਂਚ ਕਰਵਾਉਣ ਲਈ ਕਿਹਾ ਹੈ।
ਮੁੱਖ ਮੰਤਰੀ ਨੂੰ ਲਿਖੇ ਪੱਤਰ ਦੇ ਨਾਲ ਉਨ੍ਹਾਂ ਨੇ ਪਾਕਿਸਤਾਨ ਦੀ ਪੰਜਾਬ ਸਰਕਾਰ ਦੇ ਮੰਤਰੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੂੰ ਵੀ ਸੰਬੋਧਤ ਕੀਤਾ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਇਸ ਪੱਤਰ ਦਾ ਮਕਸਦ ਕਿਸੇ ਸਰਕਾਰ, ਸੰਸਥਾ ਜਾਂ ਵਿਅਕਤੀ ਉੱਤੇ ਦੋਸ਼ ਲਗਾਉਣਾ ਨਹੀਂ, ਸਗੋਂ ਲਾਹੌਰ ਦੀ ਉਸ ਸਾਂਝੀ ਇਤਿਹਾਸਕ ਵਿਰਾਸਤ ਵੱਲ ਧਿਆਨ ਦਿਵਾਉਣਾ ਹੈ, ਜਿਸ ਨਾਲ ਸਿੱਖ ਇਤਿਹਾਸ ਦੇ ਮਹੱਤਵਪੂਰਨ ਅਧਿਆਇ ਜੁੜੇ ਹੋਏ ਹਨ।
ਉਨ੍ਹਾਂ ਕਿਹਾ ਕਿ ਲਾਹੌਰ ਸਿੱਖ ਇਤਿਹਾਸ ਲਈ ਕੋਈ ਬਾਹਰੀ ਸਥਾਨ ਨਹੀਂ ਹੈ, ਸਗੋਂ ਇਹ ਉਹ ਧਰਤੀ ਹੈ ਜਿੱਥੇ ਸਿੱਖ ਗੁਰੂ ਸਾਹਿਬਾਨ ਦੀਆਂ ਯਾਦਾਂ, ਸਿੱਖ ਸ਼ਹੀਦਾਂ ਦੀਆਂ ਕੁਰਬਾਨੀਆਂ ਅਤੇ ਗੁਰਸਿੱਖ ਪਰੰਪਰਾ ਦੇ ਅਨੇਕਾਂ ਅਧਿਆਇ ਆਪਣੀਆਂ ਭੌਤਿਕ ਨਿਸ਼ਾਨੀਆਂ ਸਮੇਤ ਮੌਜੂਦ ਰਹੇ ਹਨ। ਜਥੇਦਾਰ ਨੇ ਕਿਹਾ ਕਿ ਸਮੇਂ ਦੇ ਬਦਲਾਅ, ਸ਼ਹਿਰੀ ਵਿਕਾਸ, ਪੰਜਾਬ ਦੀ ਵੰਡ ਅਤੇ ਹੋਰ ਇਤਿਹਾਸਕ ਹਾਲਾਤ ਕਾਰਨ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਨਿਸ਼ਾਨੀਆਂ ਜਾਂ ਤਾਂ ਮਿਟ ਚੁੱਕੀਆਂ ਹਨ ਜਾਂ ਆਪਣੀ ਪਹਿਲੀ ਸਥਿਤੀ ਵਿੱਚ ਨਹੀਂ ਰਹੀਆਂ। ਇਸ ਲਈ ਅੱਜ ਵੀ ਮੌਜੂਦ ਇਤਿਹਾਸਕ ਨਿਸ਼ਾਨੀਆਂ ਦੀ ਸੰਭਾਲ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ।
ਜਥੇਦਾਰ ਨੇ ਲਹਿੰਦੇ ਪੰਜਾਬ ਵਿੱਚ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਸੇਵਾ-ਸੰਭਾਲ ਅਤੇ ਉਨ੍ਹਾਂ ਨੂੰ ਮੁੜ ਖੋਲ੍ਹਣ ਲਈ ਪਾਕਿਸਤਾਨ ਦੀ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਫੰਡ ਜਾਰੀ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਲਾਹੌਰ ਦੇ ਅੰਦਰੂਨੀ ਸ਼ਹਿਰ ਵਿੱਚ ਲਾਲ ਖੂਹ, ਕੱਟੜੀ ਚੰਦੂ ਨਾਲ ਸਬੰਧਤ ਮਾਮਲਾ ਸਿੱਖ ਸੰਗਤ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਧਿਆਨ ਵਿੱਚ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਸਥਾਨ ਦੇ ਆਲੇ-ਦੁਆਲੇ ਉਸਾਰੀ ਸਬੰਧੀ ਕਾਰਵਾਈ ਹੋਣ ਦੀਆਂ ਚਿੰਤਾਵਾਂ ਸਾਹਮਣੇ ਆਈਆਂ ਹਨ, ਜੋ ਸਿੱਖਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਇਸ ਮਾਮਲੇ ਦੀ ਅਧਿਕਾਰਤ ਤੱਥਾਂ ’ਤੇ ਆਧਾਰਿਤ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਜਥੇਦਾਰ ਗੜਗੱਜ ਵੱਲੋਂ ਪਾਕਿਸਤਾਨ ਦੀ ਪੰਜਾਬ ਸਰਕਾਰ ਨੂੰ ਸੁਝਾਅ ਦਿੱਤੇ ਗਏ ਹਨ ਕਿ ਲਾਹੌਰ ਵਿੱਚ ਲਾਲ ਖੂਹ, ਕੱਟੜੀ ਚੰਦੂ ਸਥਾਨ ਦੀ ਮੌਜੂਦਾ ਸਥਿਤੀ ਦੀ ਤੁਰੰਤ ਜਾਂਚ ਕਰਵਾਈ ਜਾਵੇ। ਜੇਕਰ ਸਥਾਨ ’ਤੇ ਕਿਸੇ ਤਰ੍ਹਾਂ ਦੀ ਉਸਾਰੀ ਜਾਂ ਤਬਦੀਲੀ ਦੀ ਕਾਰਵਾਈ ਚੱਲ ਰਹੀ ਹੈ ਤਾਂ ਜਾਂਚ ਮੁਕੰਮਲ ਹੋਣ ਤੱਕ ਉਸ ਨੂੰ ਤੁਰੰਤ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਵਾਲਡ ਸਿਟੀ ਆਫ਼ ਲਾਹੌਰ ਅਥਾਰਿਟੀ, ਪੁਰਾਤੱਤਵ ਵਿਭਾਗ ਅਤੇ ਹੋਰ ਸਬੰਧਤ ਵਿਭਾਗਾਂ ਦੇ ਮਾਹਰਾਂ ਰਾਹੀਂ ਸਥਾਨ ਦੀ ਇਤਿਹਾਸਕ ਅਤੇ ਵਿਰਾਸਤੀ ਮਹੱਤਤਾ ਦੀ ਪੜਤਾਲ ਕਰਵਾਈ ਜਾਵੇ। ਇਸ ਤੋਂ ਇਲਾਵਾ ਜਾਂਚ ਪ੍ਰਕਿਰਿਆ ਵਿੱਚ ਸਿੱਖ ਇਤਿਹਾਸ ਦੇ ਮਾਹਰਾਂ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਨੂੰ ਵੀ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਸਥਾਨ ਦੀ ਇਤਿਹਾਸਕ ਮਹੱਤਤਾ ਸਾਬਤ ਹੁੰਦੀ ਹੈ ਤਾਂ ਇਸ ਨੂੰ ਕਾਨੂੰਨੀ ਤੌਰ ’ਤੇ ਸੁਰੱਖਿਅਤ ਵਿਰਾਸਤੀ ਸਥਾਨ ਵਜੋਂ ਦਰਜ ਕਰਨ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ। ਜਥੇਦਾਰ ਨੇ ਮੰਗ ਕੀਤੀ ਕਿ ਲਾਹੌਰ ਦੇ ਅੰਦਰੂਨੀ ਸ਼ਹਿਰ ਵਿੱਚ ਸਿੱਖ ਇਤਿਹਾਸ ਨਾਲ ਸਬੰਧਤ ਸਾਰੇ ਪ੍ਰਮੁੱਖ ਸਥਾਨਾਂ ਦਾ ਵਿਆਪਕ ਵਿਰਾਸਤੀ ਸਰਵੇਖਣ ਕਰਵਾਇਆ ਜਾਵੇ ਅਤੇ ਉਨ੍ਹਾਂ ਦੀ ਮੌਜੂਦਾ ਸਥਿਤੀ, ਇਤਿਹਾਸਕ ਮਹੱਤਤਾ, ਮਲਕੀਅਤ ਅਤੇ ਕਾਨੂੰਨੀ ਸਥਿਤੀ ਦਾ ਰਿਕਾਰਡ ਤਿਆਰ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕੀਤੀ ਜਾਣ ਵਾਲੀ ਕਿਸੇ ਵੀ ਕਾਰਵਾਈ ਦੀ ਜਾਣਕਾਰੀ ਸਿੱਖ ਸੰਗਤ ਅਤੇ ਸਿੱਖ ਸੰਸਥਾਵਾਂ ਨਾਲ ਸਾਂਝੀ ਕੀਤੀ ਜਾਵੇ। ਜਥੇਦਾਰ ਨੇ ਆਸ ਪ੍ਰਗਟਾਈ ਕਿ ਪੱਤਰ ਨੂੰ ਗੰਭੀਰਤਾ ਨਾਲ ਲੈਂਦਿਆਂ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ ਅਤੇ ਕੀਤੀ ਗਈ ਕਾਰਵਾਈ ਸਬੰਧੀ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਭੇਜੀ ਜਾਵੇਗੀ।






