ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਦੋਸ਼ ਲਗਾਇਆ ਹੈ ਕਿ ਲੋਕਾਂ ਵੱਲੋਂ ਸਮਰਥਨ ਪ੍ਰਾਪਤ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਅਤੇ ਪੰਜਾਬੀਆਂ ਵਿਰੁੱਧ ਜੰਗ ਛੇੜ ਦਿੱਤੀ ਹੈ।
ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੇ ਦਫ਼ਤਰ ਵਿਖੇ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੀ 50 ਘੰਟੇ ਚੱਲੀ ਤਲਾਸ਼ੀ ਅਤੇ ਨਿਗਰਾਨੀ ਕਾਰਵਾਈ, ਜੋ ਅੱਜ ਦੁਪਹਿਰ ਖ਼ਤਮ ਹੋਈ, ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਸਿਸੋਦੀਆ ਨੇ ਕਿਹਾ ਕਿ ਈ ਡੀ (Enforcement Directorate) ਦਾ ਨਾਮ ਬਦਲ ਕੇ ਪੀ ਐੱਮ ਮੋਦੀ ਦੇ “ਇੰਪਲਾਇਡ ਡਾਕੂ” (Employed Dacoits) ਰੱਖ ਦੇਣਾ ਚਾਹੀਦਾ ਹੈ।
ਸਿਸੋਦੀਆ ਨੇ ਕਿਹਾ, “ਪ੍ਰਧਾਨ ਮੰਤਰੀ ਨੇ ਚੋਣਾਂ ਵਾਲੇ ਪੰਜਾਬ ਵਿੱਚ ‘ਨਸ਼ਾ ਮੁਕਤ ਯਾਤਰਾ’ ਸ਼ੁਰੂ ਕਰਨ ਲਈ ਆਪਣੀ ਪਾਰਟੀ ਦੇ ਪ੍ਰਧਾਨ ਨਿਤਿਨ ਨਬੀਨ ਨੂੰ ਭੇਜਿਆ। ਇਸ ਯਾਤਰਾ ਨੂੰ ਲੋਕਾਂ ਦਾ ਕੋਈ ਹੁੰਗਾਰਾ ਨਹੀਂ ਮਿਲਿਆ ਅਤੇ ਭਾਜਪਾ ਪ੍ਰਧਾਨ ਦੇ ਪ੍ਰੋਗਰਾਮ ਦੌਰਾਨ ਵੀ ਦੋ-ਤਿਹਾਈ ਕੁਰਸੀਆਂ ਖ਼ਾਲੀ ਰਹੀਆਂ। ਹਰ ਦਿਨ ਇਸ ਯਾਤਰਾ ਨੂੰ 400 ਲੋਕਾਂ ਦਾ ਸਮਰਥਨ ਵੀ ਨਹੀਂ ਮਿਲ ਪਾ ਰਿਹਾ। ਇਹ ਮਹਿਸੂਸ ਕਰਦੇ ਹੋਏ ਕਿ ਇਹ ਆਉਣ ਵਾਲੀਆਂ ਚੋਣਾਂ ਵਿੱਚ ਭਾਜਪਾ ਲਈ ਚੰਗਾ ਸੰਕੇਤ ਨਹੀਂ ਹੋਵੇਗਾ, ਪ੍ਰਧਾਨ ਮੰਤਰੀ ਨੇ ਪੰਜਾਬ ਵਿੱਚ ਈ ਡੀ ਤਾਇਨਾਤ ਕਰ ਦਿੱਤੀ ਹੈ। 4,000 ਈ ਡੀ ਅਧਿਕਾਰੀ ਪੰਜਾਬ ਵਿੱਚ ਹਨ, ਜਿਨ੍ਹਾਂ ਨੂੰ ਇੱਕੋ ਇੱਕ ਕੰਮ ਸੌਂਪਿਆ ਗਿਆ ਹੈ ਕਿ ਲੋਕਾਂ ਨੂੰ ‘ਆਪ’ ਤੋਂ ਦੂਰ ਕਰਨਾ।”
ਉਨ੍ਹਾਂ ਦੋਸ਼ ਲਾਇਆ ਕਿ ਸਰਕਾਰੀ ਅਧਿਕਾਰੀਆਂ ਤੋਂ ਇਲਾਵਾ ਉਨ੍ਹਾਂ ਦੇ ਕੁਝ ਆਗੂਆਂ ਅਤੇ ਵਰਕਰਾਂ ਦੇ ਘਰਾਂ ਸਮੇਤ ਕਈ ਥਾਵਾਂ ‘ਤੇ ਦੋ ਦਿਨ ਤੱਕ ਈਡੀ ਦੀ ਛਾਪੇਮਾਰੀ ਜਾਰੀ ਰਹੀ। ‘ਆਪ’ ਆਗੂ ਨੇ ਦਾਅਵਾ ਕੀਤਾ, “ਹਰ ਥਾਂ ਜਿਨ੍ਹਾਂ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ, ਉਨ੍ਹਾਂ ਨੇ ਈ ਡੀ ਅਧਿਕਾਰੀਆਂ ਨੂੰ ਤਲਾਸ਼ੀ ਦਾ ਕਾਰਨ ਪੁੱਛਿਆ, ਪਰ ਈ ਡੀ ਕੋਲ ਕੋਈ ਜਵਾਬ ਨਹੀਂ ਸੀ। ਉਹ ਸਿਰਫ਼ ਖਾਂਦੇ-ਪੀਂਦੇ ਹਨ, ਗੱਦੇ ਮੰਗਵਾਉਂਦੇ ਹਨ ਅਤੇ ਆਪਣੇ ਸਿਆਸੀ ਆਕਾਵਾਂ ਲਈ ਸਿਆਸੀ ਏਜੰਡਾ ਤੈਅ ਕਰਨ ਵਾਸਤੇ ਤਸਵੀਰਾਂ ਖਿਚਵਾਉਂਦੇ ਹਨ। ਕਿਸੇ ਕੋਲੋਂ ਕੁਝ ਵੀ ਬਰਾਮਦ ਨਹੀਂ ਹੋਇਆ ਹੈ।”
ਉਨ੍ਹਾਂ ਕਿਹਾ ਕਿ ‘ਆਪ’ ਨੇ ਸਭ ਤੋਂ ਇਮਾਨਦਾਰ ਸ਼ਾਸਨ ਦਿੱਤਾ ਹੈ ਅਤੇ ਐਲਾਨ ਕੀਤਾ ਕਿ ਭਾਜਪਾ ਜਿੰਨੀ ਮਰਜ਼ੀ ਜਾਂਚ ਕਰਵਾ ਲਵੇ, ਉਸ ਨੂੰ ‘ਆਪ’ ਆਗੂਆਂ ਵਿਰੁੱਧ ਕੁਝ ਨਹੀਂ ਮਿਲੇਗਾ।






