ਈ ਡੀ ਦੀ ਛਾਪੇਮਾਰੀ ਨੇ ਰਿਸ਼ਤੇ-ਨਾਤੇ ਕਲਚਰ ਦੀ ਨਵੀਂ ਗੱਠ ਖੋਲ੍ਹ ਦਿੱਤੀ ਹੈ। ਜਿੱਥੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਭਤੀਜਾ ਗੁਰਪ੍ਰੀਤ ਸਿੰਘ ਸੈਣੀ ਕੇਂਦਰੀ ਏਜੰਸੀ ਦੇ ਬੀਤੇ ਦਿਨ ਪਏ ਛਾਪੇ ਤੋਂ ਬਾਅਦ ਚਰਚਾ ਵਿੱਚ ਆਇਆ ਹੈ, ਉੱਥੇ ਹੀ ਹੁਣ ਇੱਕ ਹੋਰ ਮਾਮੇ-ਭਾਣਜੇ ਦਾ ਮਾਮਲਾ ਸਾਹਮਣੇ ਆਇਆ ਹੈ।
ਅੱਜ ਪੰਜਾਬ ਪੁਲੀਸ ਦੇ ਬਰਖ਼ਾਸਤ ਏ ਆਈ ਜੀ ਰਾਜਜੀਤ ਸਿੰਘ ਨੇ ਪਟਿਆਲਾ ਪੁਲੀਸ ਕੋਲ ਆਤਮ-ਸਮਰਪਣ ਕੀਤਾ ਹੈ, ਜਦੋਂ ਕਿ ਉਸ ਦੇ ਭਾਣਜੇ ਅਮਰਿੰਦਰ ਸਿੰਘ ਮੱਲ੍ਹੀ ਤੋਂ ਗਮਾਡਾ (GMADA) ਮਾਮਲੇ ਵਿੱਚ ਈ ਡੀ ਨੇ ਪੁੱਛਗਿੱਛ ਕੀਤੀ ਹੈ।
ਅਮਰਿੰਦਰ ਸਿੰਘ ਮੱਲ੍ਹੀ ਪੀ ਸੀ ਐੱਸ ਅਧਿਕਾਰੀ ਹਨ, ਜੋ ਬਰਖ਼ਾਸਤ ਏ ਆਈ ਜੀ ਰਾਜਜੀਤ ਸਿੰਘ ਦੇ ਸਕੇ ਭਾਣਜੇ ਹਨ। ਅਮਰਿੰਦਰ ਸਿੰਘ ਮੱਲ੍ਹੀ ਗਮਾਡਾ (GMADA) ਵਿੱਚ ਵਧੀਕ ਮੁੱਖ ਪ੍ਰਸ਼ਾਸਕ ਵਜੋਂ ਤਾਇਨਾਤ ਹਨ। ਜਿੱਥੇ ਅੱਜ ਮਾਮਾ ਰਾਜਜੀਤ ਸਿੰਘ ਸੁਰਖ਼ੀਆਂ ਵਿੱਚ ਆਏ ਹਨ, ਉੱਥੇ ਹੀ ਅਮਰਿੰਦਰ ਸਿੰਘ ਮੱਲ੍ਹੀ ਵੀ ਈ ਡੀ ਵੱਲੋਂ ਕੀਤੀ ਗਈ ਪੁੱਛਗਿੱਛ ਕਾਰਨ ਚਰਚਾ ਦਾ ਹਿੱਸਾ ਬਣੇ ਹਨ।
ਕਿਸੇ ਵੇਲੇ ਰਾਜਜੀਤ ਸਿੰਘ ਕੋਲ ਖ਼ਾਕੀ ਵਰਦੀ ਦਾ ਰੋਹਬ ਸੀ, ਜਿਸ ਦੀ ਆੜ ਵਿੱਚ ਨਸ਼ਾ ਤਸਕਰਾਂ ਨਾਲ ਗਠਜੋੜ ਦੇ ਦੋਸ਼ ਲੱਗੇ। ਦੂਜੇ ਪਾਸੇ ਭਾਣਜੇ ਅਮਰਿੰਦਰ ਸਿੰਘ ਮੱਲ੍ਹੀ ਕੋਲ ਅਫ਼ਸਰਸ਼ਾਹੀ ਦੀ ਕਲਮ ਸੀ। ਜਦੋਂ ਕਾਨੂੰਨ ਦਾ ਸ਼ਿਕੰਜਾ ਕੱਸਿਆ, ਤਾਂ ਖ਼ਾਕੀ ਦਾ ਰੰਗ ਵੀ ਉੱਤਰ ਗਿਆ ਅਤੇ ਕਲਮ ਦੀ ਸਿਆਹੀ ਵੀ ਸੁੱਕਦੀ ਨਜ਼ਰ ਆਈ ਹੈ।
ਪੰਜਾਬ ਵਿੱਚ 2022 ਦੀਆਂ ਚੋਣਾਂ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਦਾ ਭਾਣਜਾ ਭੁਪਿੰਦਰ ਸਿੰਘ ਹਨੀ ਵੀ ਚਰਚਾ ਵਿੱਚ ਆਇਆ ਸੀ, ਜਿਸ ‘ਤੇ ਈ ਡੀ ਨੇ ਛਾਪਾਮਾਰੀ ਕਰਕੇ ਕਰੋੜਾਂ ਰੁਪਏ ਬਰਾਮਦ ਕੀਤੇ ਸਨ। ਰੇਤ ਦੀ ਗ਼ੈਰ-ਕਾਨੂੰਨੀ ਮਾਈਨਿੰਗ ਵਿੱਚ ਉਨ੍ਹਾਂ ਦੇ ਨਾਮ ਦੀ ਗੂੰਜ ਪਈ ਸੀ।






