ਰੂਸ ਵੱਲੋਂ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ’ਤੇ ਲਗਾਤਾਰ ਕੀਤੇ ਜਾ ਰਹੇ ਹਮਲਿਆਂ ’ਚ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ 41 ਜ਼ਖ਼ਮੀ ਹੋ ਗਏ। ਇਸ ਦੌਰਾਨ ਯੂਕਰੇਨੀ ਫ਼ੌਜ ਨੇ ਮੋਰਚੇ ’ਤੇ ਆਪਣੀ ਸਥਿਤੀ ਮਜ਼ਬੂਤ ਕਰਨ ਅਤੇ ਕੁਝ ਇਲਾਕੇ ਮੁੜ ਕਬਜ਼ੇ ’ਚ ਲੈਣ ਦਾ ਦਾਅਵਾ ਕੀਤਾ ਹੈ।
ਰੂਸੀ ਡਰੋਨਾਂ ਨੇ ਕੀਵ ਖ਼ਿੱਤੇ ਨੂੰ ਨਿਸ਼ਾਨਾ ਬਣਾਇਆ ਜਿੱਥੇ ਤਿੰਨ ਜਣੇ ਮਾਰੇ ਗਏ ਅਤੇ 8 ਹੋਰ ਜ਼ਖ਼ਮੀ ਹੋ ਗਏੇ। ਇਸੇ ਤਰ੍ਹਾਂ ਖਾਰਕੀਵ ’ਚ ਹਮਲੇ ਦੌਰਾਨ 10 ਬੱਚਿਆਂ ਸਮੇਤ 38 ਵਿਅਕਤੀ ਜ਼ਖ਼ਮੀ ਹੋ ਗਏ। ਰੂਸੀ ਹਮਲਿਆਂ ਨੇ ਯੂਕਰੇਨ ਦੇ ਵੱਖ-ਵੱਖ ਹਿੱਸਿਆਂ ’ਚ ਬੁਨਿਆਦੀ ਢਾਂਚੇ, ਗੈਸ ਸਟੇਸ਼ਨਾਂ ਅਤੇ ਡੇਟਾ ਸੈਂਟਰਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਯੂਕਰੇਨ ਦੀ ਤੀਜੀ ਆਰਮੀ ਕੋਰ ਨੇ ਦਾਅਵਾ ਕੀਤਾ ਕਿ ਫ਼ੌਜ ਨੇ ‘ਅਪਰੇਸ਼ਨ ਵਿਵਾਲਡੀ’ ਤਹਿਤ ਜਵਾਬੀ ਕਾਰਵਾਈ ਕਰਦਿਆਂ 51 ਵਰਗ ਕਿਲੋਮੀਟਰ ਇਲਾਕਾ ਰੂਸੀ ਕਬਜ਼ੇ ਤੋਂ ਮੁਕਤ ਕਰਵਾ ਲਿਆ ਹੈ। ਇਸ ਮੁਹਿੰਮ ਤਹਿਤ ਹੁਣ ਤੱਕ ਕੁੱਲ 176 ਵਰਗ ਕਿਲੋਮੀਟਰ ਖੇਤਰ ਯੂਕਰੇਨ ਦੇ ਕੰਟਰੋਲ ਹੇਠ ਆ ਚੁੱਕਾ ਹੈ। ਯੂਕਰੇਨੀ ਫ਼ੌਜ ਨੇ ਰੂਸੀ ਰੱਖਿਆ ਪ੍ਰਣਾਲੀਆਂ ਨੂੰ ਤੋੜਨ ਲਈ ਨਵੀਂ ਤਕਨੀਕ ਅਤੇ ਕਾਮੀਕੇਜ਼ ਵਾਹਨਾਂ ਦੀ ਵਰਤੋਂ ਕੀਤੀ। ਅਪਰੇਸ਼ਨ ਦੌਰਾਨ ਰੂਸੀ ਟਿਕਾਣਿਆਂ ’ਤੇ ਹਮਲਿਆਂ ਲਈ ਰੋਬੋਟਾਂ ਦੀ ਵੀ ਵਰਤੋਂ ਕੀਤੀ ਗਈ। ਰੂਸੀ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਹਵਾ ਰੱਖਿਆ ਪ੍ਰਣਾਲੀ ਨੇ ਰਾਤੋ-ਰਾਤ 254 ਯੂਕਰੇਨੀ ਡਰੋਨਾਂ ਨੂੰ ਡੇਗ ਦਿੱਤਾ ਹੈ। ਮੰਤਰਾਲੇ ਨੇ ਕਿਹਾ ਕਿ ਕਾਲੇ ਸਾਗਰ ਅਤੇ ਚੋਰਨੋਮੋਰਸਕ ਬੰਦਰਗਾਹ ’ਤੇ ਮਾਲਵਾਹਕ ਬੇੜਿਆਂ ’ਤੇ ਹਮਲੇ ਕੀਤੇ ਗਏ। ਹਮਲੇ ਯੂਕਰੇਨ ਦੀ ਅਨਾਜ ਬਰਾਮਦਗੀ ਨੂੰ ਰੋਕਣ ਦੇ ਉਦੇਸ਼ ਨਾਲ ਕੀਤੇ ਗਏ ਤਾਂ ਜੋ ਹੋਰ ਮੁਲਕਾਂ ’ਚ ਖੁਰਾਕੀ ਵਸਤਾਂ ਦੀ ਕਮੀ ਪੈਦਾ ਹੋ ਸਕੇ।





