ਦਿੱਲੀ ਦੇ ਮੰਤਰੀ ਪਰਵੇਸ਼ ਵਰਮਾ ਦੀ ਦੀਵਾਲੀ ਪਾਰਟੀ ਵਿੱਚ ਹੁੱਕਾ ਪਰੋਸਣ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਅਤੇ ਆਮ ਆਦਮੀ ਪਾਰਟੀ (‘ਆਪ’) ਵਿਚਾਲੇ ਤਿੱਖੀ ਸਿਆਸੀ ਜੰਗ ਛਿੜ ਗਈ ਹੈ। ‘ਆਪ’ ਦਿੱਲੀ ਦੇ ਪ੍ਰਧਾਨ ਸੌਰਭ ਭਾਰਦਵਾਜ ਨੇ ਪੱਤਰਕਾਰ ਸੁਧੀਰ ਚੌਧਰੀ ਦੀ ਮੌਜੂਦਗੀ ਵਾਲੇ ਇਸ ਇਕੱਠ ’ਤੇ ਸਵਾਲ ਚੁੱਕਦਿਆਂ ਪੁੱਛਿਆ ਕਿ ਕੀ ਇਸ ਪਾਰਟੀ ਲਈ ਸਰਕਾਰੀ ਬੰਗਲੇ ਅਤੇ ਜਨਤਕ ਪੈਸੇ ਦੀ ਵਰਤੋਂ ਕੀਤੀ ਗਈ? ‘ਆਪ’ ਨੇ ਭਾਜਪਾ ਦੇ ਪੰਜਾਬ ’ਚੋਂ ‘ਨਸ਼ਾ ਮੁਕਤੀ’ ਦੇ ਦਾਅਵਿਆਂ ’ਤੇ ਤਨਜ਼ ਕੱਸਦਿਆਂ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਰੇਖਾ ਗੁਪਤਾ ਆਨਲਾਈਨ ਸ਼ਰਾਬ ਵੇਚ ਰਹੀ ਹੈ ਅਤੇ ਦੂਜੇ ਪਾਸੇ ਮੰਤਰੀ ਸੁੱਕੇ ਨਸ਼ੇ ਪਰੋਸ ਰਹੇ ਹਨ।
ਦੂਜੇ ਪਾਸੇ, ਭਾਜਪਾ ਨੇ ਵਰਮਾ ਦਾ ਬਚਾਅ ਕੀਤਾ। ਭਾਜਪਾ ਬੁਲਾਰੇ ਅਜੇ ਸਹਿਰਾਵਤ ਅਤੇ ਪ੍ਰਵੀਨ ਸ਼ੰਕਰ ਕਪੂਰ ਨੇ ਹੁੱਕੇ ਨੂੰ ਜਾਟ ਭਾਈਚਾਰੇ ਦੀ ਸੱਭਿਆਚਾਰਕ ਪਛਾਣ, ਪੰਚਾਇਤੀ ਪਰੰਪਰਾ ਅਤੇ ਸਮਾਜਿਕ ਏਕਤਾ ਦਾ ਪ੍ਰਤੀਕ ਦੱਸਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਪਿੰਡਾਂ ਦੀਆਂ ਚੌਪਾਲਾਂ ਵਾਲਾ ਪਰੰਪਰਾਗਤ ਹੁੱਕਾ ਸੀ, ਜਿਸ ਵਿੱਚ ਤੰਬਾਕੂ ਦੀ ਮਾਤਰਾ ਨਾਮਾਤਰ ਸੀ ਅਤੇ ਇਹ ਪਾਬੰਦੀਸ਼ੁਦਾ ਹੁੱਕਾ ਬਾਰਾਂ ਨਾਲੋਂ ਵੱਖਰਾ ਸੀ।
ਜ਼ਿਕਰਯੋਗ ਹੈ ਕਿ ਦਿੱਲੀ ’ਚ ‘ਆਪ’ ਸਰਕਾਰ ਨੇ 2017 ਵਿੱਚ ਹੁੱਕਾ ਬਾਰਾਂ ’ਤੇ ਪੂਰਨ ਪਾਬੰਦੀ ਲਗਾਈ ਸੀ। ਹਾਲਾਂਕਿ, ਬਾਅਦ ਵਿੱਚ ਦਿੱਲੀ ਹਾਈ ਕੋਰਟ ਨੇ 2019 ਅਤੇ 2021 ਵਿੱਚ ਅੰਤਰਿਮ ਰਾਹਤ ਦਿੰਦਿਆਂ ਨਿਕੋਟੀਨ-ਮੁਕਤ ਹਰਬਲ ਹੁੱਕੇ ਪਰੋਸਣ ਦੀ ਇਜਾਜ਼ਤ ਦਿੱਤੀ ਸੀ। ਕੋਟਪਾ (COTPA) 2003 ਤਹਿਤ ਜਨਤਕ ਥਾਵਾਂ ’ਤੇ ਧੂਮਰਪਾਨ ਬੰਦ ਹੈ, ਜਿਸ ਕਾਰਨ ਤੰਬਾਕੂ ਵਾਲੇ ਅਤੇ ਹਰਬਲ ਹੁੱਕਿਆਂ ਦਾ ਅੰਤਰ ਕਾਨੂੰਨੀ ਬਹਿਸ ਦਾ ਕੇਂਦਰ ਬਣਿਆ ਹੋਇਆ ਹੈ।






