ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੰਜਾਬ ਵਿੱਚ ਐੱਨ ਡੀ ਏ (NDA) ਦੀ ਸਰਕਾਰ ਬਣਾਉਣ ਦੀ ਗੱਲ ਕਹਿਣ ਤੋਂ ਤੁਰੰਤ ਬਾਅਦ, ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਅਕਾਲੀ ਏਕਤਾ ਦੀ ਪ੍ਰਕਿਰਿਆ ਬੁੱਧਵਾਰ ਨੂੰ ਸ਼ੁਰੂ ਹੋ ਗਈ ਹੈ।
ਇਸ ਦਾ ਪਹਿਲਾ ਸੰਕੇਤ ਸ਼੍ਰੋਮਣੀ ਅਕਾਲੀ ਦਲ ‘ਪੁਨਰ ਸੁਰਜੀਤ’ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਬਾਗੀ ਅਕਾਲੀ ਧੜੇ ਨੂੰ ਛੱਡਣ ਅਤੇ 6 ਨਵੰਬਰ ਨੂੰ ਆਪਣੀ ਮੂਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸ ਪਰਤਣ ਦੇ ਐਲਾਨ ਨਾਲ ਮਿਲਿਆ ਹੈ।
ਚੰਦੂਮਾਜਰਾ ਨੇ ਹਾਲ ਹੀ ਵਿੱਚ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਪਰਤ ਕੇ ਅਕਾਲੀ ਦਲ ਪ੍ਰਤੀ ਸੁਲਾਹ ਵਾਲੇ ਬਿਆਨ ਦਿੱਤੇ ਸਨ।
ਇਸੇ ਹਫ਼ਤੇ ਦੇ ਸ਼ੁਰੂ ਵਿੱਚ ਹੀ ਚੰਦੂਮਾਜਰਾ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਡੇਰੇ ਹਿੱਤਾਂ ਲਈ ਸਾਰੇ ਅਕਾਲੀ ਆਗੂਆਂ ਦੀ ਏਕਤਾ ਦੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸੱਦੇ ਦਾ ਸਮਰਥਨ ਕੀਤਾ ਸੀ।
ਚੰਦੂਮਾਜਰਾ ਦੀ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਹੋਰਨਾਂ ਬਾਗੀ ਅਕਾਲੀਆਂ ਦੇ ਵੀ ਆਪਣੀ ਮੂਲ ਪਾਰਟੀ ਵਿੱਚ ਵਾਪਸ ਪਰਤਣ ਦਾ ਰਾਹ ਪੱਧਰਾ ਕਰੇਗੀ। ‘ਟ੍ਰਿਬਿਊਨ ਸਮੂਹ’ ਨੇ ਸਭ ਤੋਂ ਪਹਿਲਾਂ ‘ਪੁਨਰ ਸੁਰਜੀਤ’ ਆਗੂਆਂ ਦੇ ਧੜੇ ਬਾਰੇ ਰਿਪੋਰਟ ਦਿੱਤੀ ਸੀ।
‘ਪੁਨਰ ਸੁਰਜੀਤ’ ਧੜੇ ਕੋਲ ਆਪਣਾ ਕੋਈ ਚੋਣ ਨਿਸ਼ਾਨ ਨਹੀਂ ਹੈ ਅਤੇ ਚੋਣਾਂ ਲੜਨ ਲਈ ਉਨ੍ਹਾਂ ਨੂੰ ਕਿਸੇ ਰਜਿਸਟਰਡ ਪਾਰਟੀ ਦਾ ਹਿੱਸਾ ਬਣਨਾ ਪਵੇਗਾ। ਦਿੱਲੀ ਵਿੱਚ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਮੀਟਿੰਗਾਂ ਤੋਂ ਤੁਰੰਤ ਬਾਅਦ ਚੰਦੂਮਾਜਰਾ ਵੱਲੋਂ ਅਕਾਲੀ ਦਲ ਵਿੱਚ ਵਾਪਸ ਆਉਣ ਦਾ ਫੈਸਲਾ ਇਹ ਦਰਸਾਉਂਦਾ ਹੈ ਕਿ ਉਨ੍ਹਾਂ ਦੀ ਇਹ ਵਾਪਸੀ ਪੰਜਾਬ ਵਿੱਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਾ ਕੇ ਐੱਨ ਡੀ ਏ ਗਠਜੋੜ ਬਣਾਉਣ ਦੀ ਵੱਡੀ ਯੋਜਨਾ ਦਾ ਹੀ ਹਿੱਸਾ ਹੈ। ਅਮਿਤ ਸ਼ਾਹ ਨੇ ਹਾਲ ਹੀ ਦੇ ਦਿਨਾਂ ਵਿੱਚ ਦੋ ਵਾਰ ਇਹ ਜ਼ਿਕਰ ਕੀਤਾ ਹੈ ਕਿ ਪੰਜਾਬ ਵਿੱਚ ਐੱਨ ਡੀ ਏ ਸਰਕਾਰ ਬਣਾਏਗਾ।





