ਇੰਡੀਅਨ ਯੂਥ ਕਾਂਗਰਸ (ਆਈ ਵਾਈ ਸੀ) ਦੀ ਕੌਮੀ ਲੀਡਰਸ਼ਿਪ ਦੇ ਹੁਕਮਾਂ ‘ਤੇ ਅਨੁਸ਼ਾਸਨੀ ਕਾਰਵਾਈ ਕਰਦਿਆਂ ਕਾਂਗਰਸ ਦੇ ਯੂਥ ਵਿੰਗ ਨੇ 1 ਨਵੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਹੋਈ ‘ਇੰਡੀਆ’ ਗਠਜੋੜ ਦੀ ਰੈਲੀ ਵਿੱਚੋਂ ਗੈਰ-ਹਾਜ਼ਰ ਰਹਿਣ ‘ਤੇ ਸੱਤ ਸੂਬਿਆਂ ਅਤੇ ਉੱਤਰ ਪ੍ਰਦੇਸ਼ ਕੇਂਦਰੀ ਇਕਾਈ ਦੇ 215 ਅਹੁਦੇਦਾਰਾਂ ਨੂੰ ਮੁਅੱਤਲ ਕਰ ਦਿੱਤਾ ਹੈ।
ਮਿਲੇ ਅੰਕੜਿਆਂ ਅਨੁਸਾਰ ਇਸ ਕਾਰਵਾਈ ਵਿੱਚ ਗੁਜਰਾਤ ਦੇ 49, ਪੱਛਮੀ ਬੰਗਾਲ ਦੇ 26, ਉੱਤਰ ਪ੍ਰਦੇਸ਼ ਸੈਂਟਰਲ ਦੇ 11, ਤੇਲੰਗਾਨਾ ਦੇ 14, ਹਰਿਆਣਾ ਦੇ 10, ਮੱਧ ਪ੍ਰਦੇਸ਼ ਦੇ 60, ਝਾਰਖੰਡ ਦੇ 32 ਅਤੇ ਹਿਮਾਚਲ ਪ੍ਰਦੇਸ਼ ਦੇ 13 ਅਹੁਦੇਦਾਰ ਸ਼ਾਮਲ ਹਨ।
ਇਹ ਮੁਅੱਤਲੀ ਅਗਲੇ ਹੁਕਮਾਂ ਤੱਕ ਲਾਗੂ ਰਹੇਗੀ। ਆਈ ਵਾਈ ਸੀ ਲੀਡਰਸ਼ਿਪ ਨੇ ਇਸ ਗੈਰ-ਹਾਜ਼ਰੀ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਇਸ ਨੂੰ ਵਿਰੋਧੀ ਧਿਰ ਦੇ ਇੱਕ ਅਹਿਮ ਪ੍ਰੋਗਰਾਮ ਦੌਰਾਨ ਜਥੇਬੰਦਕ ਹਦਾਇਤਾਂ ਦੀ ਉਲੰਘਣਾ ਮੰਨਿਆ ਹੈ, ਜਿੱਥੇ ਕਾਂਗਰਸ ਨੇ ਵੋਟਰ ਸੂਚੀਆਂ ਵਿੱਚ ਕਥਿਤ ਬੇਨਿਯਮੀਆਂ ਖਿਲਾਫ ਆਪਣੀ ਤਾਕਤ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ।
ਸੂਤਰਾਂ ਨੇ ਦੱਸਿਆ ਕਿ ਮੁਅੱਤਲ ਕੀਤੇ ਗਏ ਅਹੁਦੇਦਾਰਾਂ ਨੂੰ ਆਪਣੀ ਬਹਾਲੀ ਲਈ ਜ਼ਮੀਨੀ ਪੱਧਰ ‘ਤੇ ਕੰਮ ਕਰਨਾ ਪਵੇਗਾ ਅਤੇ ਲੀਡਰਸ਼ਿਪ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਪਵੇਗੀ।
ਸੂਤਰਾਂ ਮੁਤਾਬਕ, “ਮੁਅੱਤਲ ਅਹੁਦੇਦਾਰਾਂ ਨੂੰ ਮੁਅੱਤਲੀ ਰੱਦ ਕਰਵਾਉਣ ਲਈ ਮੁੜ ਸਖ਼ਤ ਮਿਹਨਤ ਕਰਨੀ ਪਵੇਗੀ। ਉਨ੍ਹਾਂ ਨੂੰ ਜ਼ਮੀਨੀ ਪੱਧਰ ‘ਤੇ ਰਹਿ ਕੇ ਲੀਡਰਸ਼ਿਪ ਅਤੇ ਉਨ੍ਹਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਲੋੜ ਹੈ।”
ਸਭ ਤੋਂ ਵੱਧ 60 ਅਹੁਦੇਦਾਰਾਂ ਖਿਲਾਫ ਕਾਰਵਾਈ ਮੱਧ ਪ੍ਰਦੇਸ਼ ਵਿੱਚ ਹੋਈ ਹੈ। ਇਨ੍ਹਾਂ ਵਿੱਚ 32 ਸੂਬਾ ਸਕੱਤਰ, 14 ਜਨਰਲ ਸਕੱਤਰ, ਪੰਜ ਮੀਤ ਪ੍ਰਧਾਨ ਅਤੇ ਨੌਂ ਜ਼ਿਲ੍ਹਾ ਪ੍ਰਧਾਨ ਸ਼ਾਮਲ ਹਨ। ਹਰਿਆਣਾ ਯੂਥ ਕਾਂਗਰਸ ਨੇ ਨੌਂ ਸੂਬਾ ਪੱਧਰੀ ਅਹੁਦੇਦਾਰਾਂ ਅਤੇ ਇੱਕ ਜ਼ਿਲ੍ਹਾ ਪ੍ਰਧਾਨ ਸਮੇਤ 10 ਆਗੂਆਂ ਨੂੰ ਮੁਅੱਤਲ ਕੀਤਾ ਹੈ। ਝਾਰਖੰਡ ਵਿੱਚ ਵੀ ਰੈਲੀ ਵਿੱਚੋਂ ਗੈਰ-ਹਾਜ਼ਰ ਰਹਿਣ ‘ਤੇ 32 ਅਹੁਦੇਦਾਰਾਂ ਨੂੰ ਮੁਅੱਤਲ ਕੀਤਾ ਗਿਆ ਹੈ।
‘ਇੰਡੀਆ’ ਗਠਜੋੜ ਨੇ 1 ਨਵੰਬਰ ਨੂੰ ਰਾਮਲੀਲਾ ਮੈਦਾਨ ਵਿੱਚ ਵੋਟਰ ਸੂਚੀਆਂ ਵਿੱਚ ਕਥਿਤ ਹੇਰਾਫੇਰੀ ਅਤੇ ਵਿਸ਼ੇਸ਼ ਸੁਧਾਈ (ਐੱਸ ਆਈ ਆਰ) ਪ੍ਰਕਿਰਿਆ ਦੇ ਵਿਰੋਧ ਵਿੱਚ ‘ਵੋਟ ਬਚਾਓ, ਦੇਸ਼ ਬਚਾਓ’ ਰੈਲੀ ਦਾ ਆਯੋਜਨ ਕੀਤਾ ਸੀ।
ਇਸ ਇਕੱਠ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਸਮੇਤ ਹੋਰ ਵਿਰੋਧੀ ਆਗੂਆਂ ਨੇ ਸ਼ਿਰਕਤ ਕੀਤੀ ਸੀ।
ਆਗੂਆਂ ਨੇ ਮਿੰਟੋ ਰੋਡ-ਕਨਾਟ ਪਲੇਸ ਚੌਕ ਤੋਂ ਰਾਮਲੀਲਾ ਮੈਦਾਨ ਤੱਕ ਮਾਰਚ ਕੀਤਾ, ਜਿੱਥੇ ਰਾਹੁਲ ਗਾਂਧੀ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ‘ਤੇ ਕਥਿਤ ਵੋਟ ਚੋਰੀ ਵਿੱਚ ਮਦਦ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਇਹ ਵੀ ਕਿਹਾ ਕਿ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾ ਕੇ ਜੇਲ੍ਹ ਭੇਜਿਆ ਜਾਵੇਗਾ।
ਇਹ ਅਨੁਸ਼ਾਸਨੀ ਕਾਰਵਾਈ ਕਾਂਗਰਸ ਵੱਲੋਂ ਇਸ ਰੈਲੀ ਨੂੰ ਵਿਰੋਧੀ ਧਿਰ ਦੀ ਏਕਤਾ ਅਤੇ ਲਾਮਬੰਦੀ ਦੇ ਵੱਡੇ ਪ੍ਰਦਰਸ਼ਨ ਵਜੋਂ ਪੇਸ਼ ਕਰਨ ਤੋਂ ਕੁਝ ਦਿਨਾਂ ਬਾਅਦ ਸਾਹਮਣੇ ਆਈ ਹੈ।





