ਆਮ ਆਦਮੀ ਪਾਰਟੀ (ਆਪ) ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਬਿਆਨਾਂ ਦੀ ਕਰੜੀ ਨਿੰਦਾ ਕਰਦਿਆਂ ਇਸ ਨੂੰ “ਸ਼ਰਮਨਾਕ ਅਤੇ ਘਟੀਆ ਰਾਜਨੀਤੀ” ਕਰਾਰ ਦਿੱਤਾ ਹੈ। ਭਾਰਦਵਾਜ ਨੇ ਦੋਸ਼ ਲਾਇਆ ਕਿ ਕਾਂਗਰਸ ਅਤੇ ਭਾਜਪਾ ਆਪਸੀ ਭਾਈਵਾਲੀ ਤਹਿਤ ਪੰਜਾਬ ਅਤੇ ‘ਆਪ’ ਸਰਕਾਰ ਨੂੰ ਮਿਲ ਕੇ ਨਿਸ਼ਾਨਾ ਬਣਾ ਰਹੀਆਂ ਹਨ।
ਸੰਗਰੂਰ ਵਿੱਚ ‘ਇਨਸਾਫ਼ ਰੈਲੀ’ ਦੌਰਾਨ ਰਾਹੁਲ ਗਾਂਧੀ ਨੇ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ‘ਤੇ ਭਗਵੰਤ ਮਾਨ ਸਰਕਾਰ ‘ਤੇ ਨਿਸ਼ਾਨਾ ਸਾਧਿਆ ਸੀ ਅਤੇ ਮੁੱਖ ਮੰਤਰੀ ਬਾਰੇ ਵਿਵਾਦਤ ਟਿੱਪਣੀਆਂ ਕੀਤੀਆਂ ਸਨ।
ਭਾਰਦਵਾਜ ਨੇ ਕਿਹਾ ਕਿ ਰਾਹੁਲ ਗਾਂਧੀ ਵਰਗੇ ਕੱਦ ਦੇ ਨੇਤਾ ਨੂੰ ਅਜਿਹੀ ਹਲਕੀ ਬਿਆਨਬਾਜ਼ੀ ਸ਼ੋਭਾ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਦੋਸ਼ ਤਾਂ ਰਾਹੁਲ ਗਾਂਧੀ ‘ਤੇ ਵੀ ਲੱਗਦੇ ਰਹੇ ਹਨ, ਪਰ ਅਜਿਹੇ ਇਲਜ਼ਾਮਾਂ ਨਾਲ ਕੁਝ ਹਾਸਲ ਨਹੀਂ ਹੁੰਦਾ।
‘ਆਪ’ ਨੇਤਾ ਨੇ ਸਵਾਲ ਕੀਤਾ ਕਿ ਕਾਂਗਰਸ ਅਤੇ ਭਾਜਪਾ ਹੋਰਨਾਂ ਰਾਜਾਂ ਵਿੱਚ ਚੋਣਾਂ ਲੜਨ ਦੀ ਬਜਾਏ ਸਵੇਰ ਤੋਂ ਸ਼ਾਮ ਤੱਕ ਸਿਰਫ਼ ਪੰਜਾਬ ਨੂੰ ਹੀ ਨਿਸ਼ਾਨਾ ਕਿਉਂ ਬਣਾ ਰਹੀਆਂ ਹਨ? ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਧਿਰ ਦੀ ਸਰਕਾਰ ਹੋਣ ਕਰਕੇ ਹੀ ED ਅਤੇ CBI ਨੂੰ ਵੀ ਪੰਜਾਬ ਪਿੱਛੇ ਲਾਇਆ ਜਾ ਰਹਾ ਹੈ।
ਕਾਂਗਰਸ ਪ੍ਰਧਾਨ ਖੜਗੇ ਵੱਲੋਂ ਮਾਨ ਸਰਕਾਰ ਨੂੰ 60 ਸਾਲਾਂ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਦੱਸਣ ‘ਤੇ ਭਾਰਦਵਾਜ ਨੇ ਕਿਹਾ ਕਿ ਕਾਂਗਰਸ ਨੂੰ ਅਕਾਲੀ ਦਲ ਜਾਂ ਭਾਜਪਾ ਸ਼ਾਸਿਤ ਰਾਜਾਂ ਵਿੱਚ ਭ੍ਰਿਸ਼ਟਾਚਾਰ ਨਹੀਂ ਦਿਸਦਾ। ਕਾਂਗਰਸ ਭਾਜਪਾ ਨਾਲ ਲੜਨ ਦੀ ਬਜਾਏ ਹੋਰ ਵਿਰੋਧੀ ਧਿਰਾਂ (ਮਮਤਾ ਬੈਨਰਜੀ, ਅਖਿਲੇਸ਼ ਯਾਦਵ, ਤੇਜਸਵੀ ਯਾਦਵ) ਨੂੰ ਕਮਜ਼ੋਰ ਕਰਨ ਵਿੱਚ ਲੱਗੀ ਹੋਈ ਹੈ।
ਅਗਨੀਵੀਰਾਂ ਦੀ ਸੇਵਾ ਮੁਕਤ ਮਿਆਦ ਦੋ ਸਾਲ ਵਧਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ‘ਤੇ ਬੋਲਦਿਆਂ ਭਾਰਦਵਾਜ ਨੇ ਕਿਹਾ ਕਿ ਸਰਕਾਰ ਕੋਲ ਫੌਜੀਆਂ ਨੂੰ ਦੇਣ ਲਈ ਪੈਸੇ ਦੀ ਕਮੀ ਹੈ। ਨੌਜਵਾਨ ਹੁਣ ਅਗਨੀਵੀਰ ਭਰਤੀ ਵਿੱਚ ਦਿਲਚਸਪੀ ਨਹੀਂ ਲੈ ਰਹੇ, ਜਿਸ ਕਰਕੇ ਸਰਕਾਰ ਨੂੰ ਇਹ ਮਿਆਦ ਵਧਾਉਣੀ ਪਈ ਹੈ।





