ਕੈਨੇਡਾ ਦੀ ਪੀਲ ਰੀਜਨਲ ਪੁਲੀਸ ਨੇ ਸੜਕਾਂ ‘ਤੇ ਗ਼ੈਰ-ਕਾਨੂੰਨੀ ਢੰਗ ਨਾਲ ਕਾਰਾਂ ਦੀ ਦੌੜ (ਸਟ੍ਰੀਟ ਰੇਸਿੰਗ) ਲਗਾਉਣ ਦੇ ਮਾਮਲੇ ਵਿੱਚ ਪੰਜਾਬੀ ਮੂਲ ਦੇ ਇੱਕ 24 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰੈਂਪਟਨ ਦੇ ਰਹਿਣ ਵਾਲੇ ਇਸ ਨੌਜਵਾਨ ਖ਼ਿਲਾਫ਼ ਮਿਸੀਸਾਗਾ ਅਤੇ ਨਾਰਥ ਯਾਰਕ ਵਿੱਚ ਕਥਿਤ ਤੌਰ ਉੱਤੇ ਅਜਿਹੀਆਂ ਤਿੰਨ ਵੱਖ-ਵੱਖ ਘਟਨਾਵਾਂ ਨੂੰ ਅੰਜਾਮ ਦੇਣ ਦੇ ਦੋਸ਼ ਲੱਗੇ ਹਨ।
ਪੁਲੀਸ ਅਨੁਸਾਰ ਮੁਲਜ਼ਮ ਦੀ ਪਛਾਣ ਤਰਮਨ ਤੂਰ ਵਜੋਂ ਹੋਈ ਹੈ। ਉਹ ਬਿਨਾਂ ਨੰਬਰ ਪਲੇਟ ਤੋਂ ਲਾਲ ਰੰਗ ਦੀ ਬੀ ਐੱਮ ਡਬਲਯੂ (BMW M3) ਕਾਰ ਚਲਾ ਰਿਹਾ ਸੀ। ਇੰਨਾ ਹੀ ਨਹੀਂ, ਰੇਸ ਲਗਾਉਣ ਵੇਲੇ ਆਪਣੀ ਪਛਾਣ ਛੁਪਾਉਣ ਲਈ ਉਸ ਨੇ ਚਿਹਰੇ ‘ਤੇ ‘ਸਕੀ-ਮਾਸਕ’ ਵੀ ਪਾਇਆ ਹੋਇਆ ਸੀ।
ਪੀਲ ਰੀਜਨਲ ਪੁਲੀਸ ਨੇ ਦੱਸਿਆ ਕਿ ਸਭ ਤੋਂ ਪਹਿਲਾਂ 30 ਅਗਸਤ ਨੂੰ ਰਾਤ ਕਰੀਬ 1 ਵਜੇ ਮਿਸੀਸਾਗਾ ਦੇ ਐਕਸਪਲੋਰਰ ਡਰਾਈਵ ਅਤੇ ਸੈਟੇਲਾਈਟ ਡਰਾਈਵ ਨੇੜੇ ਇਸ ਕਾਰ ਨੂੰ ਰੇਸ ਲਗਾਉਂਦਿਆਂ ਦੇਖਿਆ ਗਿਆ ਸੀ। ਇਸ ਤੋਂ ਬਾਅਦ, 26 ਸਤੰਬਰ ਨੂੰ ਵੀ ਜਾਂਚ ਅਧਿਕਾਰੀਆਂ ਨੇ ਕਥਿਤ ਤੌਰ ਉੱਤੇ ਇਸੇ ਕਾਰ ਨੂੰ ਦੋ ਵੱਖ-ਵੱਖ ਥਾਵਾਂ ‘ਤੇ ਰੇਸ ਲਗਾਉਂਦਿਆਂ ਦੇਖਿਆ। ਪਹਿਲੀ ਘਟਨਾ ਮਿਸੀਸਾਗਾ ਦੇ ਮੀਡੋਪਾਈਨ ਬੁਲੇਵਾਰਡ ਨੇੜੇ ਵਾਪਰੀ, ਜਿੱਥੇ ਡਰਾਈਵਰ ਨੇ ਹਾਈਵੇਅ 401 ‘ਤੇ ਕਥਿਤ ਤੌਰ ਉੱਤੇ ਲਾਲ ਬੱਤੀ ਦੀ ਵੀ ਪਰਵਾਹ ਨਹੀਂ ਕੀਤੀ। ਬਾਅਦ ਵਿੱਚ ਇਹ ਗੱਡੀ ਨਾਰਥ ਯਾਰਕ ਦੇ ਇਲਾਕੇ ਵਿੱਚ ਵੀ ਦੇਖੀ ਗਈ।
ਕਰੀਬ ਤਿੰਨ ਮਹੀਨਿਆਂ ਦੀ ਲੰਮੀ ਜਾਂਚ ਤੋਂ ਬਾਅਦ ਪੁਲੀਸ ਮੁਲਜ਼ਮ ਤਰਮਨ ਤੂਰ ਤੱਕ ਪਹੁੰਚਣ ਵਿੱਚ ਕਾਮਯਾਬ ਰਹੀ। 28 ਅਕਤੂਬਰ ਨੂੰ ਪੁਲੀਸ ਨੇ ਤਲਾਸ਼ੀ ਵਾਰੰਟ ਲੈ ਕੇ ਬਰੈਂਪਟਨ ਸਥਿਤ ਉਸ ਦੇ ਘਰ ਛਾਪਾ ਮਾਰਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਹੁਣ ਉਸ ਖ਼ਿਲਾਫ਼ ਖ਼ਤਰਨਾਕ ਢੰਗ ਨਾਲ ਗੱਡੀ ਚਲਾਉਣ, ਪਛਾਣ ਛੁਪਾਉਣ ਅਤੇ ਗ਼ੈਰ-ਕਾਨੂੰਨੀ ਰੇਸ ਲਗਾਉਣ ਦੀਆਂ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਪੁਲੀਸ ਦਾ ਕਹਿਣਾ ਹੈ ਕਿ ਤਰਮਨ ਤੂਰ ਨੂੰ ਆਉਣ ਵਾਲੇ ਦਿਨਾਂ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਡਿਪਟੀ ਚੀਫ਼ ਮਾਰਕ ਐਂਡਰਿਊਜ਼ ਨੇ ਕਿਹਾ, “ਸੜਕਾਂ ਨੂੰ ਸੁਰੱਖਿਅਤ ਰੱਖਣਾ ਪੁਲੀਸ ਦੀ ਪਹਿਲੀ ਤਰਜੀਹ ਹੈ। ਸੜਕਾਂ ‘ਤੇ ਰੇਸਾਂ ਲਗਾਉਣਾ ਬਾਕੀ ਰਾਹਗੀਰਾਂ ਦੀ ਜਾਨ ਲਈ ਸਿੱਧਾ ਖ਼ਤਰਾ ਹੈ।” ਉਨ੍ਹਾਂ ਪੁਲੀਸ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਟੀਮ ਨੇ ਲੋਕਾਂ ਦੀ ਜਾਨ ਖ਼ਤਰੇ ਵਿੱਚ ਪਾਉਣ ਵਾਲਿਆਂ ਨੂੰ ਫੜਨ ਲਈ ਸ਼ਾਨਦਾਰ ਕੰਮ ਕੀਤਾ ਹੈ।






