ਐਸ ਏ ਐਸ ਨਗਰ, 23 ਫਰਵਰੀ- ਪੰਜਾਬ ਵਿਧਾਨਸਭਾ ਚੋਣਾ ਦਾ ਅਮਲ ਮੁਕੰਮਲ ਹੋਣ ਤੋਂ ਬਾਅਦ ਜਿੱਥੇ ਆਉਣ ਵਾਲੀ ਸਰਕਾਰ ਸੰਬੰਧੀ ਕਿਆਸਅਰਾਈਆਂ ਦਾ ਜੋਰ ਜਾਰੀ ਹੈ ਉੱਥੇ ਚੋਣਾਂ ਦੇ ਨਤੀਜੇ ਨੂੰ ਲੈ ਕੇ ਸੱਟਾ ਬਾਜਾਰ ਦੇ ਖਿਡਾਰੀ ਵੀ ਸਰਗਰਮ ਹੋ ਗਏ ਹਨ ਅਤੇ ਪੰਜਾਬ ਚੋਣਾਂ ਨੂੰ ਲੈ ਕੇ ਕਾਫੀ ਸੱਟਾ ਲੱਗ ਰਿਹਾ ਹੈ। ਇਸ ਦੌਰਾਨ ਸੱਟਾ ਬਾਜਾਰ ਵੱਲੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ 60-62, ਕਾਂਗਰਸ ਪਾਰਟੀ ਨੂੰ 26-28, ਅਕਾਲੀ ਦਲ ਬਸਪਾ ਗਠਜੋੜ ਨੂੰ 20-22 ਅਤੇ ਭਾਜਪਾ ਅਗਵਾਈ ਵਾਲੇ ਲੋਕਤਾਂਤਰਿਕ ਗਠਜੋੜ ਨੂੰ 5-6 ਸੀਟਾਂ ਮਿਲਣ ਦੀ ਪੇਸ਼ੀਨਗੋਈ ਕੀਤੀ ਜਾ ਰਹੀ ਹੈ ਅਤੇ ਇਸੇ ਆਧਾਰ ਤੇ ਸੱਟਾ ਲਗ ਰਿਹਾ ਹੈ।
ਸੱਟਾ ਬਾਜਾਰ ਦੇ ਇੱਕ ਜਾਣਕਾਰ ਅਨੁਸਾਰ ਆਮ ਆਦਮੀ ਪਾਰਟੀ ਦਾ ਰੇਟ 62-65 ਸੀਟਾਂ ਦਾ ਹੈ। ਇਸਦਾ ਅਰਥ ਇਹ ਹੈ ਕਿ ਜੇਕਰ ਸੱਟਾ ਲਗਾਉਣ ਵਾਲੇ ਨੂੰ ਲੱਗਦਾ ਹੈ ਕਿ 62 ਤੋਂ ਘੱਟ ਸੀਟਾਂ ਮਿਲਣਗੀਆਂ ਤਾਂ ਉਹ 62 ਤੇ ਦਾਅ ਲਗਾਉਂਦਾ ਹੈ ਅਤੇ ਜੇਕਰ ਉਸਨੂੰ ਲੱਗਦਾ ਹੈ ਕਿ 65 ਤੋਂ ਵੱਧ ਸੀਟਾਂ ਆਉਣਗੀਆਂ ਤਾਂ ਉਹ 65 ਤੇ ਦਾਅ ਖੇਡਦਾ ਹੈ ਅਤੇ ਸੱਟਾ ਲਗਾਉਣ ਵਾਲੇ ਨੂੰ ਜਿੱਤ ਹੋਣ ਤੇ ਦੁੱਗਣੀ ਰਕਮ ਮਿਲਦੀ ਹੈ ਜਦੋਂਕਿ ਹਾਰ ਹੋਣ ਤੇ ਉਸਦੀ ਰਕਮ ਡੁੱਬ ਜਾਂਦੀ ਹੈ। ਬਾਕੀ ਪਾਰਟੀਆਂ ਦਾ ਰੇਟ ਵੀ ਇਸੇ ਆਧਾਰ ਤੇ ਲੱਗਦਾ ਹੈ।
ਸੱਟਾ ਬਾਜਾਰ ਦੇ ਜਾਣਕਾਰ ਦੱਸਦੇ ਹਨ ਕਿ ਸੱਟਾ ਬਾਜਾਰ ਦਾ ਇਹ ਰੇਟ ਲਗਾਤਾਰ ਬਦਲ ਰਿਹਾ ਹੈ। ਦੋ ਦਿਨ ਪਹਿਲਾਂ ਆਮ ਆਦਮੀ ਪਾਰਟੀ ਦਾ ਰੇਟ 58-62 ਸੀ ਜੋ ਹੁਣ ਬਦਲ ਕੇ 60-62 ਹੋ ਗਿਆ ਹੈ ਅਤੇ ਜਿਵੇਂ ਜਿਵੇਂ ਵੋਟਾਂ ਦੀ ਗਿਣਤੀ ਦਾ ਦਿਨ ਨੇੜੇ ਆਉਣਾ ਹੈ ਇਹ ਲਗਾਤਾਰ ਬਦਲਦਾ ਹੀ ਰਹਿਣਾ ਹੈ।
ਮੁਹਾਲੀ ਜਿਲ੍ਹੇ ਦੀ ਗੱਲ ਕਰੀਏ ਤਾਂ ਮੁਹਾਲੀ ਜਿਲ੍ਹੇ ਦੀਆਂ ਤਿੰਨ ਸੀਟਾਂ ਵਿੱਚੋ ਮੁਹਾਲੀ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਦੀ ਜਿੱਤ ਹਾਰ ਤੇ ਸੱਟਾ ਲੱਗ ਰਿਹਾ ਹੈ। ਉਹਨਾਂ ਤੇ ਲਗਣ ਵਾਲੇ ਸੱਟੇ ਦਾ ਰੇਟ 1.25/1.50 ਹੈ। ਇਸਦਾ ਅਰਥ ਇਹ ਹੈ ਕਿ ਜੇਕਰ ਕੋਈ ਵਿਅਕਤੀ ਕੁਲਵੰਤ ਸਿੰਘ ਦੀ ਜਿੱਤ ਤੇ ਸੱਟਾ ਲਗਾਉਂਦਾ ਹੈ ਤਾਂ ਉਸਨੂੰ 10 ਹਜਾਰ ਰੁਪਏ ਲਗਾਉਣ ਤੇ 22500 (10000 ੈ 12500) ਮਿਲਣਗੇ ਜਦੋਂਕਿ ਕੁਲਵੰਤ ਸਿੰਘ ਦੀ ਹਾਰ ਤੇ ਸੱਟਾ ਲਗਾਉਣ ਵਾਲੇ ਨੂੰ 15000 ਰੁਪਏ ਲਗਾਉਣੇ ਪੈਣਗੇ ਅਤੇ ਕੁਲਵੰਤ ਸਿੰਘ ਦੀ ਹਾਰ ਹੋਣ ਤੇ ਉਸਨੂੰ 25000 (15000 ੈ 10000) ਮਿਲਣਗੇ।
ਖਰੜ ਹਲਕੇ ਵਿੱਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਨਮੋਲ ਗਗਨ ਮਾਨ ਦੀ ਜਿੱਤ ਤੇ ਸੱਟਾ ਲੱਗ ਰਿਹਾ ਹੈ ਜਿਸਦਾ ਰੇਟ .80/1.5 ਹੈ। ਇਸਦਾ ਅਰਥ ਇਹ ਹੈ ਕਿ ਜਿੱਤਣ ਦਾ ਦਾਅ ਲਗਾਊਣ ਵਾਲੇ ਨੂੰ 10 ਹਜਾਰ ਲਗਾਊਣ ਤੇ ਤੇ 8 ਹਜਾਰ ਵੱਧ ਮਿਲਣੇ ਹਨ ਜਦੋਂਕਿ ਹਾਰ ਤੇ ਦਾਅ ਲਗਾਉਣ ਵਾਲੇ 15 ਹਜਾਰ ਲਗਾੳਣ ਤੇ 10 ਹਜਾਰ ਵੱਧ ਮਿਲਣੇ ਹਨ। ਇਸੇ ਤਰ੍ਹਾਂ ਡੇਰਾਬਸੀ ਵਿੱਚ ਅਕਾਲੀ ਬਸਪਾ ਗਠਜੋੜ ਦੇ ਉਮੀਦਵਾਰ ਸ੍ਰੀ ਐਨ. ਕੇ. ਸ਼ਰਮਾ ਦੀ ਜਿੱਤ ਤੇ ਸੱਟਾ ਲੱਗ ਰਿਹਾ ਹੈ ਜਿਸਦਾ ਰੇਟ 1.25/1.50 ਰੁਪਏ ਹੈ। ਸੱਟਾ ਬਾਜਾਰ ਵਿੱਚ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਇਸੇ ਤਰ੍ਹਾਂ ਵੱਖੋ ਵੱਖਰਾ ਸੱਟਾ ਵੀ ਲੱਗ ਰਿਹਾ ਹੈ।
ਸੱਟਾ ਬਾਜਾਰ ਵੱਲੋਂ ਤਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੀ ਪੇਸ਼ੀਨਗੋਈ ਕੀਤੀ ਜਾ ਰਹੀ ਹੈ ਪਰੰਤੂ ਵੋਟਰਾਂ ਵੱਲੋਂ ਪੰਜਾਬ ਦੀ ਕਮਾਨ ਕਿਸਦੇ ਹੱਥ ਦਿੱਤੀ ਗਈ ਹੈ ਇਸਦਾ ਪਤਾ ਤਾਂ 10 ਮਾਰਚ ਨੁੰ ਹੋਣ ਵਾਲੀ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਲੱਗਣਾ ਹੈ ਅਤੇ ਉਦੋਂ ਤੱਕ ਕਿਆਸਅਰਾਈਆਂ ਦਾ ਇਹ ਦੌਰ ਇਸੇ ਤਰ੍ਹਾਂ ਜਾਰੀ ਰਹਿਣਾ ਹੈ।





