ਬਠਿੰਡਾ, 3 ਮਾਰਚ 2022: ਕੀ ਪੰਜਾਬ ਕਾਂਗਰਸ ਨੇ ਆਪਣੇ ਸੰਭਾਵੀ ਜੇਤੂ ਉਮੀਦਵਾਰਾਂ ਨੂੰ ਰਾਜਸਥਾਨ ਦੇ ਹੋਟਲਾਂ / ਰਿਜ਼ੋਰਟਸ ’ਚ ਠਹਿਰਾਇਆ ਹੋਇਆ ਹੈ? ਕੀ ਕਾਂਗਰਸ ਨੂੰ ਖ਼ਦਸ਼ਾ ਸਤਾ ਰਿਹਾ ਹੈ ਕਿ ਜੇਕਰ ਪੰਜਾਬ ’ਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲਿਆ ਤਾਂ ਉਸ ਦੇ ਜਿੱਤੇ ਵਿਧਾਇਕ ‘ਹਾਰਸ ਟਰੇਡਿੰਗ’ ਦਾ ਸ਼ਿਕਾਰ ਹੋ ਸਕਦੇ ਹਨ ? ਪੰਜਾਬ ਦੇ ਸਿਆਸੀ ਹਲਕਿਆਂ ’ਚ ਇਹ ਚਰਚਾ ਵੱਡੀ ਪੱਧਰ ਤੇ ਛਿੜੀ ਹੋਈ ਹੈ ਕਿ ਪੰਜਾਬ ਦੀ ਕਾਂਗਰਸੀ ਲੀਡਰਸ਼ਿਪ ਨੇ ਹਾਈਕਮਾਂਡ ਦੇ ਇਸ਼ਾਰੇ ਤੇ ਕਾਂਗਰਸ ਦੇ ਕਰੀਬ ਢਾਈ ਦਰਜਨ ਉਮੀਦਵਾਰਾਂ ਨੂੰ ਰਾਜਸਥਾਨ ਦੇ ਹੋਟਲਾਂ ’ਚ ਠਹਿਰਾਇਆ ਹੋਇਆ ਹੈ ਤਾਂ ਜੋ ਉਨ੍ਹਾਂ ਨੂੰ ਵਿਰੋਧੀਆਂ ਦੀਆਂ ਨਜ਼ਰਾਂ ਤੋਂ ਬਚਾਕੇ ਰੱਖਿਆ ਜਾ ਸਕੇ।
ਹਾਲਾਂਕਿ ਕਾਂਗਰਸੀ ਆਗੂ ਇਸ ਨੂੰ ਕੋਰੀਆਂ ਅਫ਼ਵਾਹਾਂ ਕਰਾਰ ਰਹੇ ਹਨ ਪਰ ਅਹਿਮ ਸਿਆਸੀ ਹਲਕਿਆਂ ਨੇ ਆਫ ਦਾ ਰਿਕਾਰਡ ਇਨ੍ਹਾਂ ਤੱਥਾਂ ਦੀ ਪੁਸ਼ਟੀ ਕੀਤੀ ਹੈ। ਬਾਬੂਸ਼ਾਹੀ ਦੇ ਰਾਜਸਥਾਨ ਵਿਚਲੇ ਸੂਤਰਾਂ ਨੇ ਇਹ ਪੁਸ਼ਟੀ ਕੀਤੀ ਹੈ ਕਿ ਕੁਝ ਕਾਂਗਰਸੀ ਨੇਤਾ ਰਾਜਸਥਾਨ ਦੀ ਸੈਰ ਤੇ ਹਨ ਅਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਖ਼ੁਦ ਇਨ੍ਹਾਂ ਕਾਂਗਰਸੀ ਨੇਤਾਵਾਂ ਦੀ ਮੇਜ਼ਬਾਨੀ ਕਰ ਰਹੇ ਹਨ .
ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਵੱਲੋਂ ਕਾਂਗਰਸ ਦੇ ਉਮੀਦਵਾਰਾਂ ਲਈ ਰਾਜਸਥਾਨ ਦੇ ਹੋਟਲਾਂ ਵਿਚ ਬੁਕਿੰਗ ਹੋਣ ਸਬੰਧੀ ਟਵੀਟ ਕਰਨ ਨੇ ਇਸ ਤਰਾਂ ਦੀ ਚਰਚਾ ਨੂੰ ਹਵਾ ਦਿੱਤੀ ਸੀ । ‘ਬਾਬੂਸ਼ਾਹੀ’ ਦੇ ਹੱਥ ਅਜਿਹੇ ਕਰੀਬ ਦੋ ਦਰਜਨ ਉਮੀਦਵਾਰਾਂ ਦੀ ਸੂਚੀ ਲੱਗੀ ਹੈ ਜਿਸ ’ਚ ਜੋਧਪੁਰ ਦੇ ਹੋਟਲ ਤੱਕ ਦਾ ਨਾਮ ਤੱਕ ਵੀ ਹੈ।
ਸੂਤਰ ਦੱਸਦੇ ਹਨ ਕਿ ਪਹਿਲਾਂ ਕਾਂਗਰਸ ਦੇ ਉਮੀਦਵਾਰਾਂ ਨੂੰ ਗੋਆ ਲਿਜਾਣ ਦੀ ਗੱਲ ਵੀ ਚੱਲੀ ਸੀ ਪਰ ਉੱਥੇ ਸੁਰੱਖਿਅਤ ਮਹੌਲ ਨਾਂ ਹੋਣ ਕਰਕੇ ਰਾਜਸਥਾਨ ਨੂੰ ਤਰਜੀਹ ਦਿੱਤੀ ਗਈ ਹੈ। ਇਨ੍ਹਾਂ ਉਮੀਦਵਾਰਾਂ ਨੂੰ ਸੰਭਾਲਣ ਦਾ ਜ਼ਿੰਮਾ ਕਾਂਗਰਸ ਦੀ ਗਹਿਲੋਤ ਸਰਕਾਰ ਨੂੰ ਦਿੱਤਾ ਗਿਆ ਹੈ ਜਿੱਥੇ ਕਾਂਗਰਸੀ ਉਮੀਦਵਾਰ ਜੈਪੁਰੀ ਮਹਿਮਾਨ ਨਿਵਾਜੀ ਦਾ ਅਨੰਦ ਮਾਣ ਰਹੇ ਹਨ। ਚ
ਇਸ ਵਾਰ ਵੀ ਪੰਜਾਬ ‘ਚ ਬਦਲਾਅ ਦੇ ਨਾਮ ਤੇ ਆਮ ਆਦਮੀ ਪਾਰਟੀ ਡੀ ਹੱਕ ਵਿਚ ਕਾਫ਼ੀ ਜ਼ੋਰਦਾਰ ਲਹਿਰ ਸੀ ਅਤੇ ਇਹ ਪਾਰਟੀ ਬਹੁਮਤ ਹਾਸਲ ਕਰਨ ਦੀ ਉਮੀਦ ਵਿਚ ਸੀ ਪਰ 20 ਫਰਵਰੀ ਤੋਂ ਹਫ਼ਤਾ ਕੁ ਪਹਿਲਾਂ ਅਤੇ ਪੋਲਿੰਗ ਤੱਕ ਕੁਝ ਅਜਿਹੇ ਨਵੇਂ ਪਹਿਲੂ ਸਾਹਮਣੇ ਆਏ ਜਿਨ੍ਹਾਂ ਨੇ ਕਈ ਸਵਾਲ ਖੜੇ ਕਰ ਦਿੱਤੇ .
ਚੋਣਾਂ ਤੋਂ ਪਹਿਲਾਂ ਅਤੇ ਵੋਟਿੰਗ ਦੌਰਾਨ ਇਹ ਵੀ ਸੰਕੇਤ ਮਿਲਣੇ ਸ਼ੁਰੂ ਹੋ ਗਏ ਸਨ ਕਿ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਇਸ ਵਾਰ ਪਿਛਲੀ ਵਾਰ ਨਾਲੋਂ ਕਾਫ਼ੀ ਹੇਠਾਂ ਹੋ ਸਕਦੀ ਹੈ ਅਤੇ ਪੰਜਾਬ ‘ਚ ਹਿੰਗ ਵਿਧਾਨ ਸਭਾ ਹੋ ਸਕਦੀ ਹੈ .
ਵੋਟਾਂ ਪੈਣ ਵਾਲੇ ਦਿਨ ਤੋਂ ਐਨ ਪਹਿਲਾਂ ਡੇਰਾ ਸਿਰਸਾ ਤੇ ਡੇਰਾ ਬਿਆਸ ਦੀ ਸਰਗਰਮੀ ਅਤੇ ਦੀਪ ਸਿੱਧੂ ਵਰਗੇ ਪੱਖਾਂ ਨੇ ਕਾਫੀ ਉਲਟ-ਪੁਲਟ ਕਰ ਦਿੱਤਾ ਲਗਦਾ ਹੈ .
ਭਾਵੇਂ ਡੇਰਾ ਸਿਰਸਾ ਨੇ ਅਕਾਲੀ ਦਲ ਨੂੰ ਵੀ ਹਮਾਇਤ ਦਿੱਤੀ ਹੈ ਪਰ ਕਾਂਗਰਸ ਇਹ ਗੱਲ ਭਲੀ ਭਾਂਤ ਜਾਣਦੀ ਹੈ ਕਿ ਖੇਤੀ ਕਾਨੂੰਨਾਂ ਕਾਰਨ ਭਾਜਪਾ ਤੋਂ ਅਲਹਿਦਾ ਹੋਣ ਵਾਲੀ ਅਕਾਲੀ ਲੀਡਰਸ਼ਿਪ ਭਗਵਾ ਪਾਰਟੀ ਦੇ ਦਿਲ ਵਿੱਚੋਂ ਨਹੀਂ ਗਈ ਹੈ। ਸਿਆਸੀ ਹਲਕਿਆਂ ਵਿੱਚ ਇਹ ਚਰਚੇ ਜ਼ੋਰਾਂ ਤੇ ਹਨ ਚੋਣ ਨਤੀਜਿਆਂ ਦੌਰਾਨ ‘ਹੰਗ ਅਸੰਬਲੀ’ ਆਉਣ ਦੀ ਸੂਰਤ ’ਚ ਕਾਂਗਰਸ ਨੂੰ ਸੱਤਾ ਤੋਂ ਦੂਰ ਰੱਖਣ ਲਈ ਭਾਜਪਾ ਅਤੇ ਉਸ ਦੇ ਨਵੇਂ ਅਤੇ ਪੁਰਾਣੇ ਸਹਿਯੋਗੀ ਕੋਈ ਵੀ ਪੱਤਾ ਚੱਲ ਸਕਦੇ ਹਨ। ਉਂਜ ਵੀ ਖੇਤੀ ਕਾਨੂੰਨਾਂ ਕਾਰਨ ਪੰਜਾਬ ’ਚ ਬੈਕ ਫੁੱਟ ਤੇ ਚੱਲ ਰਹੀ ਭਾਰਤੀ ਜੰਤਾ ਪਾਰਟੀ ਲਈ ਨੂੰ ਇਹ ਮੌਕਾ ਮਸਾਂ ਮਿਲਿਆ ਹੈ ਕਿ ਜਦੋਂ ਉਹ ਦਰਸਾ ਸਕੇ ਕਿ ਉਹ ਸਿਆਸੀ ਖੇਡ ਵਿੱਚੋਂ ਬਾਹਰ ਨਹੀਂ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਬੀਜੇਪੀ ਦੇ ਕਈ ਆਗੂਆਂ ਵੱਲੋਂ 10 ਮਾਰਚ ਨੂੰ ਚੋਣ ਨਤੀਜਿਆਂ ਉਪਰੰਤ ਪੰਜਾਬ ’ਚ ਸਰਕਾਰ ਬਣਾਉਣ ਵਾਲੇ ਭਾਜਪਾ ਦੀ ਅਹਿਮ ਭੂਮਿਕਾ ਹੋਣ ਸਬੰਧੀ ਦਿੱਤੇ ਬਿਆਨਾਂ ਨੇ ਵੀ ਕਾਂਗਰਸ ਦੇ ਫ਼ਿਕਰ ਵਧਾਉਣ ਦਾ ਕੰਮ ਕੀਤਾ ਹੈ। ਇਸ ਤਰਾਂ ਦੇ ਕਈ ਕਾਰਨ ਹਨ ਜਿਨ੍ਹਾਂ ਮੁਤਾਬਕ ਕਾਂਗਰਸ ਦੇ ਚੋਟੀ ਦੇ ਆਗੂਆਂ ਨੂੰ ਵੀ ਇਹ ਡਰ ਵੱਢ ਵੱਢ ਖਾ ਰਿਹਾ ਹੈ ਕਿ ਜੇਕਰ ਕਿਸੇ ਵੀ ਧਿਰ ਨੂੰ ਸਪਸ਼ਟ ਬਹੁਮਤ ਨਹੀਂ ਮਿਲਦਾ ਤਾਂ ਜਿੱਤੇ ਵਿਧਾਇਕਾਂ ਨੂੰ ‘ਪੱਟਣ’ ਦਾ ਕੰਮ ਤੇਜ਼ ਹੋ ਸਕਦਾ ਹੈ।
ਸੂਤਰਾਂ ਨੇ ਦੱਸਿਆ ਹੈ ਕਿ ਵੋਟਾਂ ਉਪਰੰਤ ਇੱਕ ਗੁਪਤ ਸਰਵੇਖਣ ਕਰਵਾਇਆ ਹੈ ਜਿਸ ’ਚ ਕਿਸੇ ਨੂੰ ਬਹੁਮਤ ਮਿਲਦਾ ਨਹੀਂ ਦਿਖਾਇਆ ਜੋਕਿ ਕਾਂਗਰਸੀ ਆਗੂਆਂ ਲਈ ਚਿੰਤਾ ਦਾ ਸਬੱਬ ਬਣਿਆ ਹੈ। ਇਸੇ ਤਰਾਂ ਹੀ ਸੱਟਾ ਬਜ਼ਾਰ ’ਚ ਕਾਂਗਰਸ ਨੂੰ ਮਿਲਣ ਵਾਲੀਆਂ ਸੀਟਾਂ ਦੀ ਗਿਣਤੀ ਘੱਟ ਹੋਣ ਨੇ ਵੀ ਕਾਂਗਰਸ ਦੇ ਫ਼ਿਕਰਾਂ ’ਚ ਵਾਧਾ ਹੀ ਕੀਤਾ ਹੈ।
ਜਾਣਕਾਰੀ ਅਨੁਸਾਰ ਭਾਜਪਾ ਦੀ ਰਣਨੀਤੀ ਆਮ ਆਦਮੀ ਪਾਰਟੀ ਦੇ ਮਾਮਲੇ ’ਚ ਵੀ ਇਹੋ ਹੈ ਪਰ ‘ਆਪ’ ਦੇ ਸੀਨੀਅਰ ਆਗੂਆਂ ਨੂੰ ਅਜੇ ਵੀ ਆਸ ਹੈ ਕਿ ਐਤਕੀਂ ਝਾੜੂ ਦਾ ਜਾਦੂ ਚੱਲ ਸਕਦਾ ਹੈ। ਉਂਜ ਵੀ ਸ਼ਹਿਰੀ ਤੇ ਪੇਂਡੂ ਖੇਤਰਾਂ ’ਚ ਲੋਕਾਂ ਵੱਲੋਂ ‘ਝਾੜੂ ਦਾ ਰਾਗ ਅਲਾਪਣ’ ਅਤੇ ਵੋਟਾਂ ਮਗਰੋਂ ਕਰਵਾਏ ਸਰਵੇ ਦੀ ਰਿਪੋਰਟ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਟਹਿਕ ’ਚ ਹਨ। ਇਸ ਕਰਕੇ ਆਮ ਆਦਮੀ ਪਾਰਟੀ ਨੇ ਆਪਣੇ ਪੱਤੇ ਨਹੀਂ ਲੁਕੋਏ ਹਨ ਜਦੋਂਕਿ ਕਾਂਗਰਸ ਆਪਣੇ ਉਮੀਦਵਾਰਾਂ ਦੀ ਅਗੇਤੀ ਪਹਿਰੇਦਾਰੀ ’ਚ ਜੁਟ ਗਈ ਹੈ। ਇਸ ਤੋਂ ਜ਼ਾਹਰ ਕਿ ਦਾਲ ਕਾਲੀ ਹੋਵੇ ਨਾਂ ਹੋਵੇ ’ਚ ਕਾਂਗਰਸ ਦੀ ਸਿਆਸੀ ਦਾਲ ’ਚ ਕਾਲਾ ਜ਼ਰੂਰ ਹੈ ।





