ਓਟਾਵਾ,7ਮਾਰਚ,2022: ਕੈਨੇਡਾ ਦੇ ਮੈਂਬਰ ਪਾਰਲੀਮੈਂਟ ਬਰੈੱਡ ਵਿੱਸ ਨੇ ਇਕ ਪਟੀਸ਼ਨ ਪੇਸ਼ ਕਰ ਕੇ ਮੰਗ ਕੀਤੀ ਹੈ ਕਿ ਕੈਨੇਡਾ ਵਿਚ ਵੱਸਦੇ ਵੱਡੀ ਗਿਣਤੀ ਪੰਜਾਬੀਆਂ ਦੀ ਲੋੜ ਨੂੰ ਵੇਖਦਿਆਂ ਟੋਰਾਂਟੋ ਤੇ ਹੋਰ ਸ਼ਹਿਰਾਂ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਜਾਣ। ਇਸ ਪਟੀਸ਼ਨ ’ਤੇ 14 ਹਜ਼ਾਰ ਲੋਕਾਂ ਨੇ ਹਸਤਾਖ਼ਰ ਕੀਤੇ ਹਨ।
ਪਟੀਸ਼ਨ ਪੇਸ਼ ਕਰਦਿਆਂ ਬਰੈੱਡ ਵਿੱਸ ਨੇ ਕਿਹਾ ਕਿ ਕੈਨੇਡਾ ਦੇ ਵੈਨਕੂਵਰ ਤੇ ਟੋਰਾਂਟੋ ਸ਼ਹਿਰਾਂ ਤੋਂ ਹਰ ਸਾਲ ਲੱਖਾਂ ਪੰਜਾਬੀ ਪੰਜਾਬ ਜਾਂਦੇ ਹਨ ਜੋ ਦਿੱਲੀ ਹਵਾਈ ਅੱਡੇ ’ਤੇ ਉੱਤਰਨ ਹਨ ਤੇ ਉੱਥੋਂ ਅਗਲਾ ਸਫ਼ਰ ਬੱਸਾਂ, ਰੇਲ ਗੱਡੀਆਂ ਤੇ ਹੋਰ ਸਾਧਨਾਂ ਰਾਹੀਂ ਪੂਰਾ ਕਰਦੇ ਹਨ ਜਿਸ ਵਿਚ ਵੱਡਾ ਆਰਥਿਕ ਨੁਕਸਾਨ ਹੁੰਦਾ ਹੈ ਤੇ ਸਮਾਂ ਵੀ ਬਰਬਾਦ ਹੁੰਦਾ ਹੈ।
ਉਹਨਾਂ ਨੇ ਕੈਨੇਡਾ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਵੱਖ ਵੱਖ ਏਅਰਲਾਈਨਜ਼ ਅਤੇ ਭਾਰਤੀ ਹਾਈ ਕਮਿਸ਼ਨ ਨਾਲ ਗੱਲਬਾਤ ਕਰ ਕੇ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਦਾ ਪ੍ਰਬੰਧ ਕਰੇ ਕਿਉਂਕਿ ਕੈਨੇਡਾ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਰਹਿੰਦੇ ਹਨ।





