ਨਵੀਂ ਦਿੱਲੀ, 15 ਮਾਰਚ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਅਣਜਾਣੇ ਵਿੱਚ ਇੱਕ ਮਿਜ਼ਾਈਲ ਦੇ ਚੱਲਣ ਦੀ ਘਟਨਾ ਨੂੰ ਸਰਕਾਰ ਨੇ ਗੰਭੀਰਤਾ ਨਾਲ ਲਿਆ ਹੈ ਅਤੇ ਇਸ ਲਈ ਇੱਕ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ, ਜਿਸ ਨਾਲ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇ। ਰਾਜਨਾਥ ਸਿੰਘ ਨੇ ਰਾਜ ਸਭਾ ਵਿੱਚ 9 ਮਾਰਚ ਨੂੰ ਅਣਜਾਣੇ ਵਿੱਚ ਚੱਲੀ ਇੱਕ ਮਿਜ਼ਾਈਲ ਦੇ ਚੱਲਣ ਦੀ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਆਪਰੇਸ਼ਨ, ਸਾਂਭ-ਸੰਭਾਲ ਅਤੇ ਨਿਰੀਖਣ ਲਈ ਮਾਨਕ ਸੰਚਾਲਣ ਪ੍ਰਕਿਰਿਆ ਦੀ ਸਮੀਖਿਆ ਕੀਤੀ ਜਾ ਰਹੀ। ਅਸੀਂ ਆਪਣੇ ਹਥਿਆਰ ਪ੍ਰਣਾਲੀ ਦੀ ਸੁਰੱਖਿਆ ਨੂੰ ਸਰਵਉੱਚ ਪਹਿਲ ਦਿੰਦੇ ਹਾਂ ਅਤੇ ਇਸ ਸੰਬੰਧ ਵਿੱਚ ਜੇਕਰ ਕਿਸੇ ਤਰ੍ਹਾਂ ਦੀ ਗਲਤੀ ਪਾਈ ਜਾਂਦੀ ਹੈ ਤਾਂ ਉਸ ਨੂੰ ਤੁਰੰਤ ਦੂਰ ਕੀਤਾ ਜਾਵੇਗਾ।ਉਨ੍ਹਾਂ ਕਿਹਾ ਉਹ ਸਦਨ ਨੂੰ ਭਰੋਸਾ ਦਿੰਦੇ ਹਨ ਕਿ ਮਿਜ਼ਾਈਲ ਸਿਸਟਮ ਬੇਹੱਦ ਸੁਰੱਖਿਅਤ ਅਤੇ ਭਰੋਸੇਮੰਦ ਹੈ। ਇਸ ਤੋਂ ਇਲਾਵਾ ਸੁਰੱਖਿਆ ਪ੍ਰਕਿਰਿਆ ਅਤੇ ਪ੍ਰੋਟੋਕਾਲ ਉੱਚ ਪੱਧਰੀ ਹੈ ਅਤੇ ਸਮੇਂ-ਸਮੇਂ ਤੇ ਇਸ ਦੀ ਸਮੀਖਿਆ ਕੀਤੀ ਜਾਂਦੀ ਹੈ। ਹਥਿਆਰਬੰਦ ਫ਼ੌਜਾਂ ਪੂਰੀ ਤਰ੍ਹਾਂ ਨਾਲ ਟਰੇਨਡ ਅਤੇ ਅਨੁਸ਼ਾਸਿਤ ਹਨ। ਇਸ ਤਰ੍ਹਾਂ ਦੇ ਸਿਸਟਮ ਨੂੰ ਹੈਂਡਲ ਕਰਨ ਦਾ ਚੰਗਾ ਅਨੁਭਵ ਰੱਖਦੀਆਂ ਹਨ। ਰਾਜਨਾਥ ਨੇ 9 ਮਾਰਚ ਦੀ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜਾਂਚ ਦੌਰਾਨ ਅਣਜਾਣੇ ਵਿੱਚ ਇੱਕ ਮਿਜ਼ਾਈਲ ਚੱਲ ਗਈ ਸੀ। ਮਿਜ਼ਾਈਲ ਯੂਨਿਟ ਦੀ ਰੂਟੀਨ ਸਾਂਭ-ਸੰਭਾਲ ਅਤੇ ਨਿਰੀਖਣ ਦੌਰਾਨ ਸ਼ਾਮ ਨੂੰ ਲਗਭਗ 7 ਵਜੇ ਹਾਦਸੇ ਦੀ ਸ਼ਿਕਾਰ ਇੱਕ ਮਿਜ਼ਾਈਲ ਚੱਲ ਰਹੀ ਸੀ। ਬਾਅਦ ਵਿੱਚ ਪਤਾ ਲੱਗਾ ਕਿ ਇਹ ਮਿਜ਼ਾਈਲ ਪਾਕਿਸਤਾਨ ਦੇ ਖੇਤਰ ਵਿੱਚ ਜਾ ਡਿੱਗੀ। ਇਹ ਘਟਨਾ ਮੰਦਭਾਗੀ ਹੈ ਪਰ ਰਾਹਤ ਦੀ ਗੱਲ ਹੈ ਕਿ ਇਸ ਹਾਦਸੇ ਨਾਲ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਹੈ।





