ਨਵੀਂ ਦਿੱਲੀ, 24 ਮਾਰਚ – ਪੈਟਰੋਲ-ਡੀਜ਼ਲ ਅਤੇ ਐੱਲ. ਪੀ. ਜੀ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਸੀ. ਐੱਨ. ਜੀ.-ਪੀ. ਐੱਨ. ਜੀ. ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਘਰੇਲੂ ਪੀ. ਐੱਨ. ਜੀ. ਦੀ ਕੀਮਤ ਵਿੱਚ ਪ੍ਰਤੀ ਐੱਸ. ਸੀ. ਐੱਮ. 1.00 ਰੁਪਏ ਦਾ ਵਾਧਾ ਕੀਤਾ ਗਿਆ ਹੈ, ਹਾਲਾਂਕਿ ਵਧੀਆਂ ਕੀਮਤਾਂ ਪੂਰੇ ਦੇਸ਼ ਵਿੱਚ ਨਹੀਂ ਸਿਰਫ਼ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਵਿੱਚ ਲਾਗੂ ਹੋਣਗੀਆਂ।
ਇਸ ਤੋਂ ਇਲਾਵਾ ਰਾਜਧਾਨੀ ਦਿੱਲੀ ਵਿੱਚ ਸੀ. ਐੱਨ. ਜੀ. ਦੀ ਕੀਮਤ ਵਿੱਚ 50 ਪੈਸੇ ਦਾ ਵਾਧਾ ਕੀਤਾ ਗਿਆ ਹੈ। ਰਾਹਤ ਦੀ ਗੱਲ ਇਹ ਹੈ ਕਿ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਦੋ ਦਿਨ ਲਗਾਤਾਰ 80-80 ਪੈਸੇ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬੀਤੇ ਦਿਨ ਰਸੌਈ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਵੀ 50 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ।
ਪੀ. ਐੱਨ. ਜੀ. ਹੋਰ ਮਹਿੰਗੀ ਹੋ ਗਈ ਹੈ। ਇੰਦਰਪ੍ਰਸਥ ਗੈਸ ਲਿਮਿਟੇਡ ਨੇ ਦਿੱਲੀ-ਐੱਨ. ਸੀ. ਆਰ. ਵਿੱਚ ਪੀ. ਐੱਨ. ਜੀ. ਦੀਆਂ ਕੀਮਤਾਂ ਵਿੱਚ ਪ੍ਰਤੀ ਐੱਸ. ਸੀ. ਐੱਨ. 1 ਰੁਪਏ ਦਾ ਵਾਧਾ ਕੀਤਾ ਹੈ। ਕੀਮਤਾਂ ਵਿੱਚ ਇਹ ਵਾਧਾ ਅੱਜ ਤੋਂ ਲਾਗੂ ਹੈ। ਅਜਿਹੇ ਵਿੱਚ ਹੁਣ ਦਿੱਲੀ ਵਿੱਚ ਪੀ. ਐੱਨ. ਜੀ. ਗੈਸ 36.61 ਰੁਪਏ ਤੋਂ ਵੱਧ ਕੇ 37.61 ਰੁਪਏ ਪ੍ਰਤੀ ਐੱਸ. ਸੀ. ਐੱਮ. ਹੋ ਗਈ ਹੈ। ਗੌਤਮ ਬੁੱਧ ਨਗਰ ਵਿੱਚ ਵੀ ਪੀ. ਐੱਨ. ਜੀ. ਗੈਸ ਲਈ ਹੁਣ 35.86 ਰੁਪਏ ਪ੍ਰਤੀ ਐੱਸ. ਸੀ. ਐੱਮ. ਅਦਾ ਕਰਨੇ ਪੈਣਗੇ। ਇਸ ਤੋਂ ਇਲਾਵਾ ਸੀ. ਐੱਨ. ਜੀ. ਦੀ ਕੀਮਤ ਵਿੱਚ 50 ਪੈਸੇ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ ਹੈ। ਦਿੱਲੀ ਵਿੱਚ ਸੀ. ਐੱਨ. ਜੀ. ਦੀ ਕੀਮਤ ਹੁਣ 59.01 ਰੁਪਏ ਪ੍ਰਤੀ ਕਿਲੋ ਹੋ ਜਾਵੇਗੀ।
ਜਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਨਾਲ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਸੀ ਪਰ ਪੈਟਰੋਲੀਅਮ ਕੰਪਨੀਆਂ ਨੇ ਕੁਝ ਦਿਨਾਂ ਤੱਕ ਇੰਤਜ਼ਾਰ ਕੀਤਾ ਸੀ।
ਭਾਰਤ ਆਪਣੀ 85 ਫੀਸਦੀ ਪੈਟਰੋਲੀਅਮ ਜ਼ਰੂਰਤਾਂ ਨੂੰ ਦਰਾਮਦ ਰਾਹੀਂ ਪੂਰਾ ਕਰਦਾ ਹੈ। ਯੂਕਰੇਨ ਤੇ ਰੂਸ ਦੇ ਹਮਲੇ ਤੋਂ ਬਾਅਦ ਪਿਛਲੇ ਮਹੀਨੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਕਾਫੀ ਉਛਾਲ ਦੇਖਣ ਨੂੰ ਮਿਲਿਆ ਹੈ। ਕੋਟਕ ਇੰਸਟੀਚਿਊਟ ਇਕੁਇਟੀਜ਼ ਨੇ ਇਕ ਨੋਟ ਵਿੱਚ ਕਿਹਾ ਹੈ ਕਿ ਜੇਕਰ ਕੱਚੇ ਤੇਲ ਦੀਆਂ ਕੀਮਤਾਂ 100-120 ਡਾਲਰ ਪ੍ਰਤੀ ਬੈਰਲ ਦੇ ਦਾਇਰੇ ਵਿੱਚ ਰਹਿੰਦੀਆਂ ਹਨ ਤਾਂ ਪੈਟਰੋਲੀਅਮ ਕੰਪਨੀਆਂ ਨੂੰ ਡੀਜ਼ਲ ਵਿੱਚ ਪ੍ਰਤੀ ਲੀਟਰ 13.1-24.9 ਰੁਪਏ ਦਾ ਵਾਧਾ ਕਰਨ ਦੀ ਜ਼ਰੂਰਤ ਹੋਵੇਗੀ ਜਦੋਂਕਿ ਪੈਟਰੋਲ ਦੇ ਮਾਮਲੇ ਵਿਚ ਇਹ ਵਾਧਾ 10.6-22.3 ਰੁਪਏ ਪ੍ਰਤੀ ਲੀਟਰ ਤੱਕ ਹੋ ਸਕਦਾ ਹੈ।





