ਪਿਓਂਗਯਾਂਗ (ਏਐੱਨਆਈ): ਉੱਤਰੀ ਕੋਰੀਆ ‘ਚ ਕੋਰੋਨਾ ਮਹਾਮਾਰੀ ਹੌਲੀ-ਹੌਲੀ ਭਿਆਨਕ ਰੂਪ ਧਾਰਨ ਕਰ ਰਹੀ ਹੈ। ਦੇਸ਼ ਵਿੱਚ ਪਿਛਲੇ ਤਿੰਨ ਦਿਨਾਂ ਵਿੱਚ ਇਸ ਕਾਰਨ 42 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਕਾਰਨ 15 ਮੌਤਾਂ ਹੋਈਆਂ ਹਨ। ਸਪੁਟਨਿਕ ਏਜੰਸੀ ਨੇ ਉੱਤਰੀ ਕੋਰੀਆ ਦੀ ਸਰਕਾਰੀ ਏਜੰਸੀ ਕੇਸੀਐਨਏ ਦੇ ਹਵਾਲੇ ਨਾਲ ਕਿਹਾ ਕਿ ਉੱਤਰੀ ਕੋਰੀਆ ਵਿੱਚ ਕੋਰੋਨਾ ਦੇ ਲਗਭਗ ਤਿੰਨ ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਇੱਥੇ ਕੋਰੋਨਾ ਦੇ ਕੁੱਲ ਮਾਮਲੇ ਸਾਢੇ ਅੱਠ ਲੱਖ ਤੱਕ ਪਹੁੰਚ ਗਏ ਹਨ।
ਕੋਰੋਨਾ ਲਹਿਰ ਦਾ ਐਲਾਨ
ਵੀਰਵਾਰ ਨੂੰ ਹੀ ਉੱਤਰੀ ਕੋਰੀਆ ਵਿੱਚ ਕੋਰੋਨਾ ਮਹਾਂਮਾਰੀ ਦੀ ਪਹਿਲੀ ਲਹਿਰ ਦਾ ਐਲਾਨ ਕੀਤਾ ਗਿਆ ਸੀ। ਇਸ ਦੌਰਾਨ ਦੇਸ਼ ਵਿੱਚ ਕਈ ਲੋਕਾਂ ਦੇ ਟੈਸਟ ਪਾਜ਼ੇਟਿਵ ਆਏ ਹਨ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਓਮੀਕਰੋਨ ਵੇਰੀਐਂਟ ਨੇ ਦੇਸ਼ ਵਿੱਚ ਸਭ ਤੋਂ ਵੱਧ ਲੋਕਾਂ ਨੂੰ ਫੜਿਆ ਹੈ। ਕੇਸੀਐਨਏ ਦੀ ਖਬਰ ਵਿਚ ਕਿਹਾ ਗਿਆ ਹੈ ਕਿ ਅਪ੍ਰੈਲ ਦੇ ਅੰਤ ਤੋਂ ਦੇਸ਼ ਵਿਚ ਬਹੁਤ ਸਾਰੇ ਲੋਕ ਬੁਖਾਰ ਤੋਂ ਪੀੜਤ ਹਨ।
ਕੋਰੋਨਾ ਨਾਲ ਪਹਿਲੀ ਮੌਤ
ਸ਼ੁੱਕਰਵਾਰ ਨੂੰ ਹੀ ਦੇਸ਼ ‘ਚ ਕੋਰੋਨਾ ਨਾਲ ਪਹਿਲੀ ਮੌਤ ਦਰਜ ਕੀਤੀ ਗਈ। ਸ਼ਨਿਚਰਵਾਰ ਨੂੰ ਵੀ ਦੇਸ਼ ਭਰ ਵਿੱਚ ਘੱਟੋ-ਘੱਟ ਛੇ ਮੌਤਾਂ ਦੀ ਪੁਸ਼ਟੀ ਹੋਈ। ਕੇਸੀਐਨਏ ਦੇ ਉੱਚ ਅਧਿਕਾਰੀਆਂ ਦੇ ਅਨੁਸਾਰ, ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ, ਰਾਜ ਦੇ ਮੁਖੀ ਕਿਮ ਜੋਂਗ ਉਨ ਨੇ ਪੋਲਿਟ ਬਿਊਰੋ ਦੀ ਇਕ ਮੀਟਿੰਗ ਬੁਲਾਈ, ਜਿਸ ਵਿੱਚ ਇਸ ਮਹਾਂਮਾਰੀ ਨਾਲ ਨਜਿੱਠਣ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ। ਇਸ ਤੋਂ ਬਾਅਦ ਦੇਸ਼ ਵਿੱਚ ਮਹਾਂਮਾਰੀ ਨੂੰ ਕਾਬੂ ਕਰਨ ਲਈ ਵੱਧ ਤੋਂ ਵੱਧ ਐਮਰਜੈਂਸੀ ਉਪਾਅ ਕਰਨ ਦਾ ਐਲਾਨ ਕੀਤਾ ਗਿਆ।
ਤੁਹਾਨੂੰ ਦੱਸ ਦੇਈਏ ਕਿ ਦੇਸ਼ ਵਿੱਚ ਮਹਾਮਾਰੀ ਦੇ ਐਲਾਨ ਤੋਂ ਬਾਅਦ ਹੀ ਇੱਥੇ ਲਾਕਡਾਊਨ ਲਗਾਇਆ ਗਿਆ ਹੈ। ਮਹਾਂਮਾਰੀ ਤੋਂ ਬਾਅਦ ਸਾਹਮਣੇ ਆਈਆਂ ਕਿਮ ਜੋਂਗ ਉਨ ਦੀਆਂ ਤਸਵੀਰਾਂ ਵਿੱਚ ਉਹ ਮਾਸਕ ਪਹਿਨੇ ਨਜ਼ਰ ਆ ਰਹੇ ਹਨ।
ਦੇਸ਼ ਇਕ ਨਾਜ਼ੁਕ ਦੌਰ ਵਿੱਚੋਂ ਲੰਘ ਰਿਹਾ ਹੈ
ਕਿਮ ਜੋਂਗ ਉਨ ਨੇ ਕੇਸੀਐਨਏ ਨੂੰ ਦੱਸਿਆ ਹੈ ਕਿ ਦੇਸ਼ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਸਭ ਤੋਂ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਦੇਸ਼ ‘ਚ ਕੋਰੋਨਾ ਮਹਾਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਕੇਸੀਐਨਏ ਨੇ ਕਿਮ ਦੇ ਹਵਾਲੇ ਨਾਲ ਕਿਹਾ ਹੈ ਕਿ ਉਨ੍ਹਾਂ ਨੇ ਇਸ ਮਹਾਮਾਰੀ ਨੂੰ ਰੋਕਣ ਲਈ ਹਰ ਸੰਭਵ ਉਪਾਅ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਜੋ ਵੀ ਕਦਮ ਚੁੱਕਣੇ ਜ਼ਰੂਰੀ ਹਨ, ਉਹ ਤੁਰੰਤ ਪ੍ਰਭਾਵ ਨਾਲ ਲਏ ਜਾਣ।
ਸੀਮਾਵਾਂ ‘ਤੇ ਸਖਤ
ਕਿਮ ਨੇ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਰਹੱਦ ‘ਤੇ ਸਖ਼ਤੀ ਵੀ ਕੀਤੀ ਹੈ। ਇਸ ਤੋਂ ਇਲਾਵਾ ਸਮੁੰਦਰੀ ਸਰਹੱਦਾਂ ਤੇ ਬਾਹਰੋਂ ਆਉਣ ਵਾਲਿਆਂ ‘ਤੇ ਤਿੱਖੀ ਨਜ਼ਰ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਯਾਨਹੋਪ ਏਜੰਸੀ ਨੇ ਕਿਹਾ ਹੈ ਕਿ ਕਈ ਮਰੀਜ਼ਾਂ ਦੇ ਨਮੂਨੇ ਦੀ ਜਾਂਚ ਵਿੱਚ ਓਮੀਕਰੋਨ ਵੇਰੀਐਂਟ ਦੀ ਪੁਸ਼ਟੀ ਹੋਈ ਹੈ। ਉੱਤਰੀ ਕੋਰੀਆ ਦੀ ਤਰਫੋਂ ਕਿਹਾ ਗਿਆ ਹੈ ਕਿ ਉਹ ਆਪਣੇ ਨਾਗਰਿਕਾਂ ਦਾ ਇਲਾਜ ਕਰਵਾਉਣ ਵਿੱਚ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਸਾਰੇ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ।






