ਚੰਡੀਗੜ੍ਹ- ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਅੱਜ ਪੰਜਾਬ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕੀਤੇ ਹਨ। ਪੰਜਾਬ ਪੁਲਿਸ ਦੇ ਏਜੀਟੀਐਫ ਚੀਫ ਨੇ ਦਾਅਵਾ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਦੋ ਕਾਤਲ ਦੇਸ਼ ਛੱਡ ਕੇ ਫਰਾਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਸਚਿਨ ਬਿਸ਼ਨੋਈ ਅਤੇ ਅਨਮੋਲ ਬਿਸ਼ਨੋਈ ਫਰਜੀ ਪਾਸਪੋਰਟ ਬਣਾ ਕੇ ਫਰਾਰ ਹੋ ਚੁੱਕੇ ਹਨ। ਸਚਿਨ ਬਿਸ਼ਨੋਈ ਨੇ ਤਿਲਕ ਰਾਜ ਦੇ ਨਾਂ ਉਤੇ ਪਾਸਪੋਰਟ ਬਣਵਾਇਆ ਸੀ ਅਤੇ ਅਨਮੋਲ ਬਿਸ਼ਨੋਈ ਨੇ ਭਾਨੂੰ ਪ੍ਰਤਾਪ ਦੇ ਨਾਂ ਉਤੇ ਪਾਸਪੋਰਟ ਬਣਵਾਇਆ ਸੀ। ਇਹ ਦੋਵੇਂ ਅਪ੍ਰੈਲ ਵਿੱਚ ਹੀ ਦੇਸ਼ ਛੱਡ ਕੇ ਫਰਾਰ ਹੋ ਗਏ ਸਨ। ਸਚਿਨ ਬਿਸ਼ਨੋਈ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਸਿੱਧੂ ਸੂਮੇਵਾਲਾ ਨੂੰ ਗੋਲੀਆਂ ਮਾਰੀਆਂ ਸਨ, ਉਸ ਵਿੱਚ ਕੋਈ ਸਚਾਈ ਨਹੀਂ ਸੀ। ਇਹ ਪੂਰੀ ਜਾਂਚ ਨੂੰ ਭਟਕਾਉਣ ਲਈ ਗਲਤ ਸੂਚਨਾ ਦਿੱਤੀ ਸੀ।
ਪੰਜਾਬ ਪੁਲਿਸ ਦੇ ਏਜੀਟੀਐਫ ਚੀਫ ਨੇ ਦੱਸਿਆ ਕਿ ਹੁਣ ਤੱਕ ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ 13 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ ਤੇ ਅੱਜ ਵੀ ਇਕ ਹੋਰ ਗ੍ਰਿਫ਼ਤਾਰੀ ਹੋਈ ਹੈ। ਸਾਰੀ ਸਾਜਿਸ਼ ਪਿੱਛੇ ਲਾਰੈਂਸ ਬਿਸ਼ਨੋਈ ਮਾਸਟਰ ਮਾਈਂਡ ਹੈ ਅਤੇ ਉਸ ਨੇ ਗੋਲਡੀ ਬਰਾੜ ਨਾਲ ਮਿਲ ਕੇ ਸਾਜਿਸ਼ ਰਚੀ ਸੀ। ਇਸ ਕਤਲ ‘ਚ ਏ.ਕੀ. ਸੀਰੀਜ਼ ਹਥਿਆਰ ਵਰਤੇ ਗਏ ਹਨ।






