ਚੰਡੀਗੜ੍ਹ- ਪੰਜਾਬ ਵਿੱਚ ਮੀਂਹ ਪੈਣ ਤੋਂ ਬਾਅਦ ਵੈਕਟਰ ਬਿਮਾਰੀਆਂ (Vector Borne Disease) ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਸੂਬੇ ਦੇ ਲੋਕਾਂ ਦੀ ਸਿਹਤ ਨੂੰ ਸੁਰੱਖਿਅਤ ਰੱਖਣ ਲਈ ਡੇਂਗੂ (Dengue), ਮਲੇਰੀਆ (Malaria) ਅਤੇ ਚਿਕਨਗੁਨੀਆ ‘ਤੇ ਕਾਬੂ ਪਾਉਣ ਲਈ ਸਾਂਝੇ ਯਤਨ ਕੀਤੇ ਜਾਣ।
ਜੌੜਾਮਾਜਰਾ ਨੇ ਦੱਸਿਆ ਕਿ ਪੰਜਾਬ ਵਿੱਚ ਡੇਂਗੂ ਇੱਕ ਨੋਟੀਫਾਈਡ ਬਿਮਾਰੀ (Dengue Notified Disease) ਹੈ ਅਤੇ ਵਿਭਾਗ ਵੱਲੋਂ ਸੂਬੇ ਭਰ ਦੇ ਪ੍ਰਾਈਵੇਟ ਹਸਪਤਾਲਾਂ ਅਤੇ ਲੈਬਾਰਟਰੀਆਂ ਵਿੱਚ ਡੇਂਗੂ ਦੇ ਟੈਸਟ ਦੀ ਕੀਮਤ 600 ਰੁਪਏ ਰੱਖੀ ਗਈ ਹੈ ਤਾਂ ਜੋ ਲੋਕ ਵਾਜਬ ਕੀਮਤਾਂ ’ਤੇ ਇਸ ਸੇਵਾ ਦਾ ਲਾਭ ਚੁੱਕ ਸਕਣ। ਉਨ੍ਹਾਂ ਦੱਸਿਆ ਕਿ 29 ਸਤੰਬਰ 2022 ਤੱਕ ਸੂਬੇ ਵਿੱਚ ਡੇਂਗੂ ਦੇ 2113 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਡੇਂਗੂ ਦੇ ਸਭ ਤੋਂ ਵੱਧ ਕੇਸ ਸਾਹਮਣੇ ਆਏ ਹਨ ਉਨ੍ਹਾਂ ਵਿੱਚ ਰੂਪਨਗਰ (390), ਐਸ.ਏ.ਐਸ.ਨਗਰ (436), ਫਤਿਹਗੜ੍ਹ ਸਾਹਿਬ (206), ਫਿਰੋਜ਼ਪੁਰ (150) ਅਤੇ ਐਸਬੀਐਸ ਨਗਰ (153) ਹਨ।
ਡੇਂਗੂ ਨਾਲ ਨਜਿੱਠਣ ਲਈ ਸਿਹਤ ਵਿਭਾਗ ਦੀਆਂ ਤਿਆਰੀਆਂ ਬਾਰੇ ਜੌੜਾਮਾਜਰਾ ਨੇ ਦੱਸਿਆ ਕਿ ਡੇਂਗੂ ਦੇ ਕੇਸਾਂ ਦੇ ਪ੍ਰਬੰਧਨ ਲਈ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਵਾਰਡਾਂ (Dengue Wards) ਲਈ 1274 ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਹੈ। ਡੇਂਗੂ ਦੀ ਮੁਫ਼ਤ ਜਾਂਚ ਲਈ ਰਾਜ ਵਿੱਚ 42 ਸੈਂਟੀਨੇਲ ਸਰਵੇਲੈਂਸ ਹਸਪਤਾਲ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਏਡੀਜ਼ ਮੱਛਰ ਦੇ ਲਾਰਵੇ ਦੀ ਜਾਂਚ ਲਈ ਸਾਰੇ 23 ਜ਼ਿਲ੍ਹਿਆਂ ਵਿੱਚ 855 ਬ੍ਰੀਡਿੰਗ ਚੈਕਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ।
ਡੇਂਗੂ ਦਾ ਟੈਸਟ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ
ਸਿਹਤ ਮੰਤਰੀ ਨੇ ਲੋਕਲ ਬਾਡੀਜ਼ ਵਿਭਾਗ ਨੂੰ ਹਦਾਇਤ ਕੀਤੀ ਕਿ ਸ਼ਹਿਰਾਂ ਅਤੇ ਕਸਬਿਆਂ ਵਿੱਚ ਸਮੇਂ-ਸਮੇਂ ’ਤੇ ਫੌਗਿੰਗ ਕਰਵਾਈ ਜਾਵੇ। ਉਨ੍ਹਾਂ ਅੱਗੇ ਦੱਸਿਆ ਕਿ ਸੂਬੇ ਦੇ 4 ਜ਼ਿਲ੍ਹਿਆਂ ਵਿੱਚ ਡੇਂਗੂ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਬਾਕੀ ਖੇਤਰਾਂ ਵਿੱਚ ਸਥਿਤੀ ਕਾਬੂ ਹੇਠ ਹੈ। ਇਸੇ ਤਰ੍ਹਾਂ ਮਲੇਰੀਆ ਅਤੇ ਚਿਕਨਗੁਨੀਆ ਦੇ ਬਹੁਤ ਘੱਟ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੱਛਰਾਂ ਦੀ ਪੈਦਾਵਾਰ ਨੂੰ ਰੋਕਣ ਲਈ ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇਣ। ਉਨ੍ਹਾਂ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਦੇ ਲੱਛਣ ਹੋਣ ਦੀ ਸੂਰਤ ਵਿੱਚ ਤੁਰੰਤ ਸਰਕਾਰੀ ਹਸਪਤਾਲਾਂ ਵਿੱਚ ਜਾ ਕੇ ਟੈਸਟ ਕਰਵਾਉਣ ਲਈ ਵੀ ਕਿਹਾ। ਇਹ ਟੈਸਟ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਉਪਲਬਧ ਹਨ।






