ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਹਿਲ ਅੱਜ ਵਿਜੀਲੈਂਸ ਅੱਗੇ ਪੇਸ਼ ਨਹੀਂ ਹੋਏ ਜਿਸ ਤੋਂ ਬਾਅਦ ਵਿਜੀਲੈਂਸ ਵੱਲੋਂ ਚਹਿਲ ਨੂੰ ਪੇਸ਼ ਹੋਣ ਲਈ ਅਗਲੇ ਹਫਤੇ ਬੁੱਧਵਾਰ ਤੱਕ ਦਾ ਸਮਾਂ ਦਿੱਤਾ ਹੈ। ਪਟਿਆਲਾ ਵਿਜੀਲੈਂਸ ਬਿਉਰੋ ਨੇ ਚਹਿਲ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਤਲਬ ਕੀਤਾ ਹੈ। ਚਹਿਲ ਨੂੰ 10 ਮਾਰਚ ਨੂੰ ਪਟਿਆਲਾ ਰੇਂਜ ਦੇ ਵਿਜੀਲੈਂਸ ਦੇ ਐਸਐਸਪੀ ਜਗਤਵੀਰ ਸਿੰਘ ਦੇ ਦਫ਼ਤਰ ਵਿੱਚ ਰਿਸ਼ਤੇਦਾਰ ਭੇਜ ਕੇ ਬੁਲਾਇਆ ਗਿਆ ਸੀ। ਚਹਿਲ ਸਰਹਿੰਦ ਰੋਡ ’ਤੇ ਇਕ ਆਲੀਸ਼ਾਨ ਮੈਰਿਜ ਪੈਲੇਸ ਬਣਾ ਕੇ ਸੁਰਖੀਆਂ ’ਚ ਆਏ ਸਨ। ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਕਾਰਜਕਾਲ ਦੌਰਾਨ ਚਹਿਲ ਨੇ ਕੇਂਦਰੀ ਜੇਲ੍ਹ ਰੋਡ ’ਤੇ ਇੱਕ ਵੱਡਾ ਸ਼ਾਪਿੰਗ ਮਾਲ ਬਣਾਇਆ ਸੀ। ਇਹ ਸ਼ਾਪਿੰਗ ਮਾਲ ਸਰਕਾਰੀ ਜ਼ਮੀਨ ਦੀ ਨਿਲਾਮੀ ਤੋਂ ਬਾਅਦ ਬਣਾਇਆ ਗਿਆ ਸੀ ਅਤੇ ਹਾਲ ਹੀ ਵਿੱਚ ਇਸ ਜਗ੍ਹਾ ਦੀ ਪੈਮਾਇਸ਼ ਵੀ ਕੀਤੀ ਗਈ। ਜਾਇਦਾਦਾਂ ਦੀ ਪੂਰੀ ਪੜਛਾਲ ਤੋਂ ਬਾਅਦ ਵਿਜੀਲੈਂਸ ਦੀ ਤਸੱਲੀ ਨਾ ਹੋਣ ’ਤੇ ਚਹਿਲ ਨੂੰ ਪੁੱਛ ਪੜਤਾਲ ਲਈ ਦਫਤਰ ਬਲਾਉਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਸੱਤ ਮਾਰਚ ਨੂੰ ਚਹਿਲ ਵੱਲ ਸੰਮਨ ਜਾਰੀ ਕੀਤਾ ਗਿਆ। ਵਿਜੀਲੈਂਸ ਅਧਿਕਾਰੀ ਸ਼ੁੱਕਰਵਾਰ ਨੂੰ ਚਹਿਲ ਦੀ ਸ਼ਾਮ ਤੱਕ ਉਢੀਕ ਕਰਦੇ ਰਹੇ। ਅਧਿਕਾਰੀਆਂ ਅਨੁਸਾਰ ਚਹਿਲ ਨੂੰ ਅਗਲੇ ਹਫਤੇ ਬੁਧਵਾਰ ਪੇਸ਼ ਹੋਣ ਲਈ ਦੂਸਰਾ ਸੰਮਨ ਜਾਰੀ ਕੀਤਾ ਜਾਵੇਗਾ।






