ਖੇਤਾਂ ਵਿਚ ਪਰਾਲੀ ਸਾੜਨ ਦੀ ਸਮੱਸਿਆ ਇਕ ਸਾਲਾਨਾ ਸਮੱਸਿਆ ਬਣ ਚੁੱਕੀ ਹੈ। ਪੰਜਾਬ, ਹਰਿਆਣਾ ਅਤੇ ਪੱਛਮੀ ਯੂਪੀ ਵਿਚ ਝੋਨੇ ਦੀ ਬਿਜਾਈ ਜ਼ਿਆਦਾ ਖੇਤਰ ਵਿਚ ਹੋਣ ਕਰਕੇ ਇਹ ਸਮੱਸਿਆ ਇਸ ਖੇਤਰ ਨਾਲ ਹੀ ਜ਼ਿਆਦਾ ਸਬੰਧਤ ਹੈ। ਭਾਵੇਂ ਕਣਕ ਦਾ ਨਾੜ ਸਾੜਨ ਦੀ ਸਮੱਸਿਆ ਵੀ ਝੋਨੇ ਦੀ ਪਰਾਲੀ ਵਾਂਗ ਹੀ ਸਾਲਾਨਾ ਪੈਦਾ ਹੁੰਦੀ ਹੈ ਪਰ ਉਸ ’ਤੇ ਘੱਟ ਗ਼ੌਰ ਕੀਤਾ ਜਾਂਦਾ ਹੈ ਅਤੇ ਉਹ ਇੰਨੀ ਜ਼ਿਆਦਾ ਵੀ ਨਹੀਂ ਹੁੰਦੀ। ਭਾਵੇਂ ਪਰਾਲੀ ਸਾੜਨ ਦੀ ਸਮੱਸਿਆ 1970 ਤੋਂ ਬਾਅਦ ਲਗਾਤਾਰ ਵਧਦੀ ਰਹੀ ਹੈ ਪਰ ਇਸ ਦੇ ਹੱਲ ਲੱਭਣ ਲਈ ਜ਼ਿਆਦਾ ਜ਼ੋਰ ਲਾਉਣਾ ਪਿਛਲੇ ਇਕ ਦਹਾਕੇ ਤੋਂ ਹੀ ਸ਼ੁਰੂ ਕੀਤਾ ਹੈ।
ਇਸ ਵਿਚ ਪਰਾਲੀ ਨੂੰ ਖੇਤ ਵਿਚ ਜਜ਼ਬ ਕਰਨ, ਇਸ ਦੀ ਬਾਲਣ ਲਈ ਵਰਤੋਂ ਕਰਨ ਆਦਿ ਬਾਰੇ ਕੁਝ ਢੰਗਾਂ ਦੀ ਈਜਾਦ ਤਾਂ ਕੀਤੀ ਗਈ ਹੈ, ਪ੍ਰਚਾਰ ਵੀ ਕੀਤਾ ਜਾਂਦਾ ਹੈ, ਪਰਾਲੀ ਦੇ ਖੇਤਾਂ ਵਿਚ ਹੀ ਗਲਣ ਨਾਲ ਇਸ ਦੇ ਖਾਦ ਦੇ ਗੁਣਾਂ ਬਾਰੇ ਵੀ ਦੱਸਿਆ ਜਾਂਦਾ ਹੈ ਪਰ ਇਹ ਸਮੱਸਿਆ ਘਟਦੀ ਵੀ ਨਹੀਂ ਅਤੇ ਪਰਾਲੀ ਦੀ ਉਦਯੋਗਿਕ ਤੌਰ ’ਤੇ ਵਰਤੋਂ ਕਰਨ ਵਾਲੇ ਢੰਗਾਂ ਨੂੰ ਅਪਣਾਇਆ ਵੀ ਨਹੀਂ ਗਿਆ। ਝੋਨਾ ਪੰਜਾਬ ਦੀ ਰਵਾਇਤੀ ਫ਼ਸਲ ਨਹੀਂ ਸੀ। ਭਾਵੇਂ ਪੰਜਾਬ ਪੰਜ ਦਰਿਆਵਾਂ ਦੀ ਪਾਣੀ ਦੀ ਬਹੁਤਾਤ ਵਾਲਾ ਪ੍ਰਾਂਤ ਸੀ ਪਰ ਸਿੰਚਾਈ ਲਈ ਜ਼ਿਆਦਾ ਨਿਰਭਰਤਾ ਖੂਹਾਂ ’ਤੇ ਸੀ। ਝੋਨੇ ਲਈ ਵੱਡੀ ਮਾਤਰਾ ਵਿਚ ਸਿੰਚਾਈ ਦੀ ਲੋੜ ਹੋਣ ਕਰਕੇ ਖੂਹਾਂ ਦੇ ਨਾਲ ਥੋੜ੍ਹੀ ਜਿਹੀ ਜ਼ਮੀਨ ’ਤੇ ਸਿਰਫ਼ ਘਰ ਦੀ ਵਰਤੋਂ ਲਈ ਥੋੜ੍ਹੇ ਜਿਹੇ ਖੇਤਰ ’ਤੇ ਝੋਨਾ ਲਾਇਆ ਜਾਂਦਾ ਸੀ। ਪੰਜਾਬ ਤੇ ਹਰਿਆਣਾ ਵਿਚ ਬਹੁ-ਫ਼ਸਲੀ ਖੇਤੀ ਚੱਕਰ ਅਪਣਾਇਆ ਜਾਂਦਾ ਸੀ ਜਿਸ ਵਿਚ ਹਾੜੀ ਵਿਚ ਮਸਰ, ਛੋਲੇ, ਤਾਰਾਮੀਰਾ, ਸਰ੍ਹੋਂ ਅਤੇ ਹੋਰ ਕਈ ਫ਼ਸਲਾਂ ਦੀ ਬਿਜਾਈ ਕੀਤੀ ਜਾਂਦੀ ਸੀ ਜਦਕਿ ਸਾਉਣੀ ਵਿਚ ਮੱਕੀ, ਮਾਂਹ, ਕਪਾਹ, ਸੂਰਜਮੁਖੀ ਆਦਿ ਦੀ ਖੇਤੀ ਹੁੰਦੀ ਸੀ। ਭਾਵੇਂ ਭਾਰਤ ਖੇਤੀ ਪ੍ਰਧਾਨ ਦੇਸ਼ ਸੀ, 70 ਫ਼ੀਸਦੀ ਵਸੋਂ ਖੇਤੀ ’ਤੇ ਨਿਰਭਰ ਕਰਦੀ ਸੀ ਪਰ ਭਾਰਤ ਨੂੰ ਅਨਾਜ ਦੀ ਦਰਾਮਦ ਕਰਨੀ ਪੈਂਦੀ ਸੀ। ਸੰਨ 1965 ਤੋਂ ਬਾਅਦ ਪੰਜਾਬ ਵਿਚ ਬਿਜਲੀ ਦੀ ਪੂਰਤੀ ਵਧਣ ਲੱਗੀ ਅਤੇ ਝੋਨੇ ਦੀ ਫ਼ਸਲ ਦੇ ਘੱਟ ਸਮਾਂ ਲੈਣ ਕਰਕੇ ਇਸ ਫ਼ਸਲ ਦੀ ਬਿਜਾਈ ਹੋਣ ਲੱਗ ਪਈ। ਨਵੇਂ ਬੀਜ ਆ ਗਏ। ਝੋਨਾ ਇਕ ਉਪਜਾਊ ਅਤੇ ਲਾਭ ਵਾਲੀ ਫ਼ਸਲ ਹੋਣ ਕਰਕੇ ਇਸ ਅਧੀਨ ਖੇਤਰ ਦਿਨ-ਬ-ਦਿਨ ਵਧਦਾ ਗਿਆ ਅਤੇ ਪੰਜਾਬ ਚੌਲਾਂ ਦੀ ਪੂਰਤੀ ਵਾਲਾ ਵੱਡਾ ਪ੍ਰਾਂਤ ਬਣ ਗਿਆ ਜਿਸ ਨੇ ਭਾਰਤ ਨੂੰ ਅਨਾਜ ਦਰਾਮਦ ਕਰਨ ਵਾਲੇ ਦੇਸ਼ ਤੋਂ ਬਦਲ ਕੇ ਖੁਰਾਕ ਬਰਾਮਦ ਵਾਲਾ ਪ੍ਰਾਂਤ ਬਣਾ ਦਿੱਤਾ ਤੇ ਉਹ ਖੇਤਰ ਅਜੇ ਵੀ ਵਧਦਾ ਜਾ ਰਿਹਾ ਹੈ ਭਾਵੇਂ ਕਿ ਹੁਣ ਪੰਜਾਬ ’ਚ 80 ਲੱਖ ਏਕੜ ਖੇਤਰ ’ਤੇ ਝੋਨਾ ਲਾਇਆ ਜਾਂਦਾ ਹੈ।
ਜੇ ਇਸ ਸਮੱਸਿਆ ਦੀ ਡੂੰਘਾਈ ਵਿਚ ਜਾਈਏ ਤਾਂ ਇਸ ਦਾ ਮੁੱਖ ਕਾਰਨ ਕਿਸਾਨ ਦੀ ਛੋਟੀ ਜੋਤ ਹੈ ਜਿਸ ਵਿਚ ਕਿਸਾਨ ਬਹੁ-ਫ਼ਸਲੀ ਫ਼ਸਲ ਚੱਕਰ ਨਹੀਂ ਅਪਣਾ ਸਕਦਾ ਅਤੇ ਸਿਰਫ਼ ਉਹੋ ਫ਼ਸਲਾਂ ਹੀ ਬੀਜਦਾ ਹੈ ਜਿਨ੍ਹਾਂ ਦਾ ਮੰਡੀਕਰਨ ਯਕੀਨੀ ਹੈ, ਉਹ ਕੋਈ ਹੋਰ ਜੋਖ਼ਮ ਨਹੀਂ ਲੈ ਸਕਦਾ। ਝੋਨੇ ਦੇ ਯਕੀਨੀ ਮੰਡੀਕਰਨ ਤੋਂ ਬਾਅਦ ਕਣਕ ਦਾ ਵੀ ਯਕੀਨੀ ਮੰਡੀਕਰਨ ਹੈ। ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਵਿਚ ਮੁਸ਼ਕਲ ਨਾਲ ਤਿੰਨ ਕੁ ਹਫ਼ਤੇ ਦਾ ਸਮਾਂ ਬਚਦਾ ਹੈ। ਕਿਸਾਨ ਲਈ ਝੋਨੇ ਦੀ ਕਟਾਈ ਤੋਂ ਬਾਅਦ ਖੇਤ ਨੂੰ ਸਾਫ਼ ਕਰਨ ਲਈ ਉਸ ਨੂੰ ਸਾੜ ਦੇਣਾ ਆਸਾਨ ਢੰਗ ਲੱਗਦਾ ਹੈ। ਜਿਹੜੇ ਢੰਗ (ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ) ਦਿੱਲੀ ਨੇ ਦਿੱਤਾ ਹੈ, ਉਹ ਹੈ ਕਿ ਇਕ ਰਸਾਇਣ ਨੂੰ ਝੋਨੇ ਦੇ ਨਾੜ ’ਤੇ ਛਿੜਕਾ ਦਿੱਤਾ ਜਾਵੇ ਜਿਸ ਨੂੰ ਡੀਕੰਮਪੋਜ਼ਰ ਕੈਪਸੂਲ ਕਹਿੰਦੇ ਹਨ ਜਿਸ ਨਾਲ ਪਰਾਲੀ ਆਪਣੇ-ਆਪ ਖੇਤ ਵਿਚ ਜਜ਼ਬ ਹੋ ਕੇ ਖਾਦ ਬਣ ਜਾਵੇਗੀ ਪਰ ਇਸ ਵਿਚ ਵੀ ਇਹ ਮੁਸ਼ਕਲ ਆਉਂਦੀ ਹੈ ਕਿ ਉਸ ਦੇ ਖੇਤ ਵਿਚ ਜਜ਼ਬ ਹੋਣ ਲਈ ਤਿੰਨ ਹਫ਼ਤੇ ਦਾ ਸਮਾਂ ਲੱਗ ਜਾਂਦਾ ਹੈ ਜਿਸ ਕਾਰਨ ਧਰਤੀ ਦੀ ਸਲਾਬ ਦੇ ਆਧਾਰ ’ਤੇ ਕਣਕ ਬੀਜਣੀ ਸੰਭਵ ਹੁੰਦੀ ਹੈ, ਉਹ ਖ਼ਤਮ ਹੋ ਜਾਂਦੀ ਹੈ ਅਤੇ ਪਾਣੀ ਦੁਬਾਰਾ ਲਾਉਣਾ ਪੈਂਦਾ ਹੈ ਅਤੇ ਉਸ ਦੇ ਸੁੱਕਣ ’ਤੇ ਕਾਫ਼ੀ ਸਮਾਂ ਲੱਗ ਜਾਂਦਾ ਹੈ। ਇਸ ਕਰਕੇ ਕਣਕ ਦੀ ਬਿਜਾਈ ਲੇਟ ਹੋ ਜਾਂਦੀ ਹੈ ਜਿਹੜੀ ਛੋਟੀ ਜੋਤ ਵਾਲੇ ਕਿਸਾਨ ਲਈ ਹਾਨੀਕਾਰਕ ਹੋ ਸਕਦੀ ਹੈ। ਖੇਤੀ ਖੋਜੀਆਂ ਨੇ ਪਰਾਲੀ ਸਾਂਭਣ ਲਈ ਜੋ ਦੂਸਰਾ ਹੱਲ ਦੱਸਿਆ ਹੈ ਉਹ ਇਹ ਹੈ ਕਿ ਇਕ ਵੱਡੀ ਬੇਲਰ ਮਸ਼ੀਨ ਨਾਲ ਖੇਤ ਵਿੱਚੋਂ ਪਰਾਲੀ ਨੂੰ ਇਕੱਠੀ ਕਰ ਕੇ ਉਸ ਦੀਆਂ ਪੰਡਾਂ ਬਣਾ ਕੇ ਬਾਹਰ ਰੱਖੀਆਂ ਜਾਣ ਅਤੇ ਖੇਤ ਨੂੰ ਨਾੜ ਮੁਕਤ ਕਰ ਦਿੱਤਾ ਜਾਵੇ ਪਰ ਇਸ ਲਈ 60 ਹਾਰਸ ਪਾਵਰ ਦਾ ਟਰੈਕਟਰ ਚਾਹੀਦਾ ਹੈ ਜਿਹੜਾ ਛੋਟੇ ਕਿਸਾਨ ਲਈ ਨਾ-ਕਿਫ਼ਾਇਤੀ ਹੈ ਤੇ ਨਾ ਹੀ ਖ਼ਰੀਦਣਾ ਸੰਭਵ ਹੈ।
ਨਾੜ ਦੇ ਨਾਲ ਹੀ ਬਿਜਾਈ ਕਰਨ ਲਈ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪਿਛਲੇ ਕਈ ਸਾਲਾਂ ਤੋਂ ਟਰੈਕਟਰ ਨਾਲ ਚੱਲਣ ਵਾਲੀ ਮਸ਼ੀਨ ਹੈਪੀ ਸੀਡਰ ਹੈ ਜਿਸ ਨਾਲ ਨਾੜ ਦੇ ਨਾਲ ਹੀ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਬਾਅਦ ਵਿਚ ਨਾੜ ਪੈਲੀ ਵਿਚ ਹੀ ਗਲ ਕੇ ਖਾਦ ਦਾ ਕੰਮ ਕਰਦਾ ਹੈ। ਪਰ ਇਸ ਵਿਚ ਵੀ ਇਕ ਤਾਂ ਵੱਡਾ ਟਰੈਕਟਰ ਚਾਹੀਦਾ ਹੈ ਅਤੇ ਡੀਜ਼ਲ ਵੀ ਵੱਧ ਲੱਗਦਾ ਹੈ। ਫਿਰ ਕਿਸਾਨਾਂ ਦੀ ਸ਼ਿਕਾਇਤ ਇਹ ਵੀ ਹੈ ਕਿ ਜਦੋਂ ਖਾਦ ਪਾਈ ਜਾਂਦੀ ਹੈ ਤਾਂ ਜਿਹੜੀ ਖਾਦ ਨਾੜ ਵਿਚ ਰਹਿ ਜਾਂਦੀ ਹੈ ਉਹ ਕਣਕ ਨੂੰ ਨਹੀਂ ਲੱਗਦੀ ਜਿਸ ਕਰਕੇ ਵਾਧੂ ਖ਼ਰਚਾ ਹੁੰਦਾ ਹੈ। ਇਸ ਤਰ੍ਹਾਂ ਪੰਜਾਬ ਦੇ ਛੋਟੇ ਕਿਸਾਨ ਜਿਨ੍ਹਾਂ ਦੀ ਗਿਣਤੀ 90 ਫ਼ੀਸਦੀ ਤੋਂ ਵੀ ਉੱਪਰ ਹੈ, ਉਹ ਇਨ੍ਹਾਂ ਤਿੰਨਾਂ ਹੀ ਢੰਗਾਂ ਨੂੰ ਨਹੀਂ ਅਪਣਾ ਰਹੇ। ਕਈ ਸਾਲਾਂ ਤੋਂ ਚੱਲ ਰਹੀ ਇਹ ਸਮੱਸਿਆ ਜਿਹੜੀ ਅਕਤੂਬਰ-ਨਵੰਬਰ ’ਚ ਤਾਂ ਵੱਡੀ ਚਰਚਾ ਦਾ ਵਿਸ਼ਾ ਰਹਿੰਦੀ ਹੈ ਪਰ ਮਗਰੋਂ ਇਸ ’ਤੇ ਕੋਈ ਵਿਚਾਰ ਨਹੀਂ ਕੀਤੀ ਜਾਂਦੀ। ਬਹੁਤ ਸਾਰੇ ਮਾਹਰਾਂ ਨੇ ਇਸ ਦੀ ਸਨਅਤੀ ਵਰਤੋਂ ਦੀ ਸੰਭਾਵਨਾ ਨੂੰ ਵਾਰ-ਵਾਰ ਵਧੀਆ ਕਰਾਰ ਦਿੱਤਾ ਹੈ ਪਰ ਪਰਾਲੀ ਦੀ ਸਨਅਤੀ ਵਰਤੋਂ ਸਬੰਧੀ ਉਹ ਗੰਭੀਰਤਾ ਨਹੀਂ ਵਿਖਾਈ ਜਾਂਦੀ ਜਿਹੜੀ ਦਿਖਾਈ ਜਾਣੀ ਚਾਹੀਦੀ ਸੀ। ਨਾ ਸਿਰਫ਼ ਪ੍ਰਾਂਤ ਦੀ ਸਰਕਾਰ ਸਗੋਂ ਕੇਂਦਰ ਸਰਕਾਰ ਨੂੰ ਵੀ ਇਸ ਸਬੰਧੀ ਉਨ੍ਹਾਂ ਉਦਯੋਗਪਤੀਆਂ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ ਜੋ ਇਸ ਲਈ ਨਿਵੇਸ਼ ਕਰਨਾ ਚਾਹੁੰਦੇ ਹਨ।
ਪਰਾਲੀ ਤੋਂ ਖਾਦ, ਗੱਤਾ, ਕਾਗਜ਼, ਬਾਇਓ ਆਇਲ, ਸੀਮੈਂਟ ਆਦਿ ਬਣਾਉਣ ਦਾ ਵੱਡਾ ਖੇਤਰ ਹੈ। ਭਾਰਤ ਵਿਚ ਅਤੇ ਉਸ ਤੋਂ ਬਾਹਰ ਵੀ ਗੱਤਾ ਅਤੇ ਕਾਗਜ਼ ਬਣਾਉਣ ਦੀਆਂ ਕਈ ਇਕਾਈਆਂ ਲੱਗੀਆਂ ਹੋਈਆਂ ਹਨ। ਇਸ ਖੇਤਰ ਵਿਚ ਹੋਰ ਖੋਜ ਕਰਨ ਨਾਲ ਹੋਰ ਉਪਯੋਗੀ ਵਸਤਾਂ ਬਣਾਉਣ ਦਾ ਖੇਤਰ ਵੀ ਹੈ ਪਰ ਮੌਸਮੀ ਉਪਜ ਹੋਣ ਕਰ ਕੇ ਅਤੇ ਵੱਡਾ ਨਿਵੇਸ਼ ਹੋਣ ਕਾਰਨ ਨਿੱਜੀ ਉਤਪਾਦਕ ਇਸ ਲਈ ਨਿਵੇਸ਼ ਕਰਨ ਵਾਸਤੇ ਤਿਆਰ ਨਹੀਂ। ਇਸ ਦਾ ਕੱਚਾ ਮਾਲ ਜਾਂ ਪਰਾਲੀ ਸਾਰੇ ਹੀ ਪ੍ਰਦੇਸ਼ ਵਿਚ ਖਿਲਾਰੀ ਮਿਲਦੀ ਹੈ। ਇਸ ਦੀਆਂ ਇਕ-ਦੋ ਇਕਾਈਆਂ ਲਾਉਣਾ ਇਸ ਲਈ ਉਪਯੋਗੀ ਨਹੀਂ ਕਿਉਂਕਿ ਇਸ ਦੀ ਢੁਆਈ ਦੀ ਜਿੰਨੀ ਲਾਗਤ ਆਵੇਗੀ, ਉਹ ਇਸ ਦੀ ਉਪਜ ਨੂੰ ਕਿਫ਼ਾਇਤੀ ਨਹੀਂ ਰਹਿਣ ਦੇਵੇਗੀ। ਇਸ ਲਈ ਇਸ ਦੀਆਂ ਵੱਧ ਤੋਂ ਵੱਧ ਇਕਾਈਆਂ ਜਾਂ ਹਰ ਬਲਾਕ ਵਿਚ ਘੱਟੋ-ਘੱਟ ਦੋ ਇਕਾਈਆਂ ਲੱਗਣ ਨਾਲ ਹੀ ਪ੍ਰਦੇਸ਼ ਭਰ ਵਿਚ ਖਿੱਲਰੀ ਪਰਾਲੀ ਨੂੰ ਘੱਟ ਤੋਂ ਘੱਟ ਸਮੇਂ ਵਿਚ ਇਨ੍ਹਾਂ ਇਕਾਈਆਂ ਲਈ ਇਕੱਠਾ ਕਰਨ ਦੀ ਲੋੜ ਹੈ। ਮਾਹਰਾਂ ਅਨੁਸਾਰ ਭੱਠੇ ਅਤੇ ਉਦਯੋਗਿਕ ਬਾਇਲਰਾਂ ਵਿਚ ਬਲਣ ਵਾਲੇ ਕੋਲੇ ਲਈ ਪਰਾਲੀ ਚੰਗਾ ਬਦਲ ਬਣ ਸਕਦੀ ਹੈ। ਇਕ ਕਿੱਲੋ ਕੋਲੇ ਵਿੱਚੋਂ 4000 ਕੈਲਰੀਆਂ ਦੀ ਊਰਜਾ ਨਿਕਲਦੀ ਹੈ ਜਦਕਿ ਇਕ ਕਿੱਲੋ ਪਰਾਲੀ ਤੋਂ 3500 ਕੈਲਰੀ ਦੀ ਊਰਜਾ ਨਿਕਲਦੀ ਹੈ। ਇਕ ਏਕੜ ਦੀ ਪਰਾਲੀ ਵਿੱਚੋਂ 15 ਕੁਇੰਟਲ ਕੋਲੇ ਦੇ ਬਰਾਬਰ ਊਰਜਾ ਬਣ ਸਕਦੀ ਹੈ ਪਰ ਕੋਈ ਵੀ ਕਿਸਾਨ ਇਸ ਤਰ੍ਹਾਂ ਦਾ ਉੱਦਮ ਨਹੀਂ ਕਰ ਸਕਦਾ। ਇਹ ਤਾਂ ਉਦਯੋਗਿਕ ਉੱਦਮੀਆਂ ਦਾ ਹੀ ਕੰਮ ਹੈ।
ਉਦਯੋਗਿਕ ਸਹਿਕਾਰਤਾ ਇਸ ਲਈ ਵੱਡਾ ਕੰਮ ਕਰ ਸਕਦੀ ਹੈ। ਕਿਸਾਨਾਂ ਅਤੇ ਹੋਰ ਲੋਕਾਂ ਵੱਲੋਂ ਮਿਲ ਕੇ ਸਹਿਕਾਰੀ ਖੇਤਰ ਵਿਚ ਕਾਗਜ਼, ਗੱਤਾ ਅਤੇ ਖਾਦ ਮਿੱਲਾਂ ਨੂੰ ਹਰ ਬਲਾਕ ਵਿਚ ਲਾਇਆ ਜਾ ਸਕਦਾ ਹੈ। ਭਾਵੇਂ ਇਹ ਮੌਸਮੀ ਕੱਚਾ ਮਾਲ ਹੈ, ਫਿਰ ਵੀ ਇਸ ਨਾਲ ਕੁਝ ਸਮੇਂ ਲਈ ਵੱਡਾ ਰੁਜ਼ਗਾਰ ਪੈਦਾ ਕੀਤਾ ਜਾ ਸਕਦਾ ਹੈ ਜਿਸ ਦੀ ਵੱਡੀ ਲੋੜ ਹੈ। ਫਾਰਮਰਜ਼ ਪ੍ਰੋਡਿਊਸਰ ਕੰਪਨੀਆਂ ਵੀ ਵੱਖ-ਵੱਖ ਖੇਤਰਾਂ ਵਿਚ ਕਿਸਾਨਾਂ ਦੀ ਹਿੱਸੇਦਾਰੀ ਨਾਲ ਇਸ ਤਰ੍ਹਾਂ ਦੇ ਉੱਦਮ ਸ਼ੁਰੂ ਕਰ ਸਕਦੀਆਂ ਹਨ ਪਰ ਇਸ ਲਈ ਸਰਕਾਰ ਦੀ ਸਰਪ੍ਰਸਤੀ ਅਤੇ ਮਦਦ ਦੀ ਉਸ ਤਰ੍ਹਾਂ ਹੀ ਲੋੜ ਹੈ ਜਿਸ ਤਰ੍ਹਾਂ ਸਰਕਾਰ ਨੇ ਸਹਿਕਾਰੀ ਡੇਅਰੀ ਨੂੰ ਪ੍ਰਦਾਨ ਕੀਤੀ ਸੀ। ਜਿਸ ਨੇ ਪੰਜਾਬ ਦੇ ਘਰੇਲੂ ਉਤਪਾਦਨ ਵਿਚ 9 ਫ਼ੀਸਦੀ ਦਾ ਯੋਗਦਾਨ ਪਾਇਆ ਹੈ ਜਦਕਿ ਬਾਕੀ ਸਮੁੱਚੀ ਖੇਤੀ ਦਾ ਯੋਗਦਾਨ 19 ਫ਼ੀਸਦੀ ਹੈ। ਝੋਨੇ ਦੀ ਪਰਾਲੀ ਜਿਸ ਦਾ ਸੰਭਾਲਣਾ ਸਮੱਸਿਆ ਬਣਿਆ ਹੋਇਆ ਹੈ। ਜੇ ਉਸ ਦੀ ਉਦਯੋਗਿਕ ਵਰਤੋਂ ਸ਼ੁਰੂ ਕਰਨ ਦੇ ਉੱਦਮ ਸ਼ੁਰੂ ਹੋ ਜਾਣ ਤਾਂ ਉਹੋ ਸਮੱਸਿਆ ਇਕ ਰੁਜ਼ਗਾਰ, ਉਤਪਾਦਨ ਅਤੇ ਆਮਦਨ ਦੇ ਰੂਪ ਵਿਚ ਵਰਦਾਨ ਸਾਬਿਤ ਹੋ ਸਕਦੀ ਹੈ।
.jpg)
-ਡਾ. ਸ. ਸ. ਛੀਨਾ






