ਸੰਤ ਬਾਬਾ ਹਰੀ ਸਿੰਘ ਰੰਧਾਵਾ ਵਾਲਿਆਂ ਦੀ ਅਗਵਾਈ ਹੇਠ ਜੱਥਾ ਰੰਧਾਵਾ ਨਾ ਕੇਵਲ ਪੰਜਾਬ ਬਲਕਿ ਸੰਸਾਰ ਦੇ ਵੱਖ-ਵੱਖ ਮੁਲਕਾਂ ਵਿਚ ਗੁਰਮਤਿ ਦਾ ਪ੍ਰਚਾਰ ਕਰ ਰਿਹਾ ਹੈ। ਸੰਤ ਬਾਬਾ ਹਰੀ ਸਿੰਘ ਰੰਧਾਵਾ ਵਾਲਿਆਂ ਦੀ ਪੇ੍ਰਰਨਾ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਦਿਹਾੜੇ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਇਸ ਵਾਰ 18 ਨਵੰਬਰ ਨੂੰ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ, ਫਤਹਿਗੜ੍ਹ ਸਾਹਿਬ ਨੇੜੇ ਸਥਿਤ ਮੁੱਖ ਅਸਥਾਨ ਜੱਥਾ ਰੰਧਾਵਾ ਵਿਖੇ ਕਰਵਾਇਆ ਜਾ ਰਿਹਾ ਹੈ। ਸੰਤ ਬਾਬਾ ਹਰੀ ਸਿੰਘ ਜੀ ਦੇ ਪੁੱਤਰ ਅਤੇ ਸ੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਦੱਸਿਆ ਕਿ 18 ਨਵੰਬਰ ਨੂੰ ਸਮਾਗਮ ਸਵੇਰੇ 9 ਤੋਂ 4 ਵਜੇ ਤੱਕ ਚੱਲੇਗਾ ਜਿਸ ਵਿਚ ਪੰਥ ਦੇ ਵਿਦਵਾਨ ਕਥਾ ਵਾਚਕ ਅਤੇ ਸੰਤ ਮਹਾਪੁਰਸ਼ ਆਪਣੀ ਹਾਜ਼ਰੀ ਲਾਉਣਗੇ।
ਜ਼ਿਕਰਯੋਗ ਹੈ ਕਿ ਜੱਥਾ ਰੰਧਾਵਾ ਗੁਰਮਤਿ ਪ੍ਰਚਾਰ, ਪ੍ਰਸਾਰ ਖੇਤਰ ਵਿਚ ਅਹਿਮ ਭੂਮਿਕਾ ਅਦਾ ਕਰ ਰਿਹਾ ਹੈ। ਸੰਸਥਾ ਦੇ ਬਾਨੀ ਸੰਤ ਬਾਬਾ ਹਰੀ ਸਿੰਘ ਆਮ ਜ਼ਿਮੀਂਦਾਰ ਪਰਿਵਾਰ ਵਿੱਚ ਜਨਮੇ ਅਤੇ ਛੋਟੀ ਉਮਰ ਧਾਰਮਿਕ ਖੇਤਰ ਦੀ ਲਗਨ ਅਤੇ ਸਖਤ ਮਿਹਨਤ, ਵੱਖੋ-ਵੱਖ ਸੰਤਾਂ-ਮਹਾਪੁਰਸ਼ਾਂ ਕੋਲ ਗੁਰਬਾਣੀ ਅਧਿਐਨ, ਗੁਰਮਤਿ ਨਾਲ ਸਬੰਧਤ ਗ੍ਰੰਥ ਦਾ ਅਧਿਐਨ ਕਰ ਕੇ ਅਤੇ ਵੱਡੇ-ਵੱਡੇ ਸ਼ਾਸਤਰ ਪੜ੍ਹ ਕੇ ਪੰਜਾਬ ਵਿੱਚ 1980 ਤੋਂ ਲਗਾਤਾਰ ਗੁਰਮਤਿ ਵਿਦਿਆਲਾ ‘ਜੱਥਾ ਰੰਧਾਵਾ’ ਦਾ ਨਿਰਮਾਣ ਕਰ ਕੇ ਗੁਰਮਤਿ ਪ੍ਰਚਾਰ ਅਤੇ ਬੱਚਿਆਂ ਨੂੰ ਵਿੱਦਿਆ ਪੜ੍ਹਾਉਣੀ ਆਰੰਭ ਕੀਤੀ। ਸੰਨ 1997 ਤੋਂ ਅਮਰੀਕਾ, ਇੰਗਲੈਂਡ, ਕੈਨੇਡਾ, ਯੂਰੋਪ ਆਦਿ ਮੁਲਕਾਂ ਵਿੱਚ ਗੁਰਮਤਿ ਪ੍ਰਚਾਰ ਪ੍ਰਸਾਰ ਦੀ ਸੇਵਾ ਸ਼ੁਰੂ ਕੀਤੀ ਅਤੇ ਅੱਜ ਤੱਕ ਜਾਰੀ ਹੈ।






