ਨਵਾਂਸ਼ਹਿਰ 9 ਦਸੰਬਰ (ਚੇਤ ਰਾਮ ਰਤਨ ) ਦੁਆਬੇ ਦੀ ਧਰਤੀ ਤੇ ਦਰਿਆ ਸਤਲੁੱਜ ਕਿਨਾਰੇ ਉਸਰੀ ਹੋਈ ਖੂਬਸੂਰਤ ਵਾਦੀ ਕਿਰਪਾਲ ਸਾਗਰ ਵਿਖੇ ਡਾਕਟਰ ਹਰਭਜਨ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਮਨਾਇਆ ਜਾ ਰਿਹਾ ਹੈ। ਸੰਸਥਾ ਦੇ ਸੈਕਟਰੀ ਅਸ਼ੋਕ ਕੁਮਾਰ ਰੈਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ,ਸੰਨ 1973 ਵਿੱਚ ਸੰਤ ਕਿਰਪਾਲ ਸਿੰਘ ਜੀ ਦੇ ਨਾਲ ਰੂਹਾਨੀ ਸਤਿਸੰਗ ਆਸ਼ਰਮ ਅੰਮ੍ਰਿਤਸਰ ਦੇ ਪ੍ਰਧਾਨ ਡਾਕਟਰ ਹਰਭਜਨ ਸਿੰਘ ਜੀ ਦਰਿਆ ਪੁਰ ਦੀ ਇਸ ਧਰਤੀ ਤੇ ਆਏ ਸਨ। ਸੰਤ ਕਿਰਪਾਲ ਸਿੰਘ ਜੀ ਨੇ ਇਸ ਅਸਥਾਨ ਦੀ ਮਹੱਤਤਾ ਬਾਰੇ ਦੱਸਿਆ ਸੀ, ਉਹਨਾਂ ਦੀ ਰਹਿਮਤ ਸਦਕਾ ਡਾਕਟਰ ਹਰਭਜਨ ਸਿੰਘ ਜੀ ਨੇ ਆਪਣੇ ਗੁਰੂ ਸੰਤ ਕਿਰਪਾਲ ਸਿੰਘ ਜੀ ਦੇ ਨਾਮ ਤੇ ਇਸ ਅਸਥਾਨ ਦੀ ਸੇਵਾ ਸਤਿਕਾਰ ਯੋਗ ਬੀ ਜੀ ਸੁਰਿੰਦਰ ਕੌਰ ਜੀ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਆਰੰਭ ਕੀਤੀ। 16 ਨਵੰਬਰ 1982 ਨੂੰ ਇਸ ਦਾ ਨੀਂਹ ਪੱਥਰ ਰੱਖਿਆ ਗਿਆ। ਇਥੇ ਹਸਪਤਾਲ, ਸਕੂਲ, ਬਿਰਧ ਆਸ਼ਰਮ, ਸਰਬ ਧਰਮ ਅਸਥਾਨ ਸਰੋਵਰ ਇਥੇ ਉਸਾਰੇ ਗਏ। ਕਿਰਪਾਲ ਸਾਗਰ ਕਿਸੇ ਇੱਕ ਧਰਮ, ਜਾਤ ,ਫਿਰਕੇ ਨਾਲ ਸਬੰਧਤ ਨਹੀਂ ਹੈ। ਸਭਨਾਂ ਦਾ ਸਾਂਝਾ ਅਸਥਾਨ ਹੈ। ਉਨ੍ਹਾਂ ਦੱਸਿਆ ਕਿ ਸਮਾਜ ਭਲਾਈ ਕਾਰਜ ਇਸ ਅਸਥਾਨ ਤੋਂ ਨਿਰੰਤਰ ਕੀਤੇ ਜਾਂਦੇ ਹਨ। ਪ੍ਰਮੁੱਖ ਰੂਪ ਵਿੱਚ ਮੈਡੀਕਲ ਕੈਂਪ, ਲੋੜਵੰਦ ਲੜਕੀਆਂ ਦੀਆਂ ਸ਼ਾਦੀਆਂ, ਬਿਰਧ ਅਵਸਥਾ ਲਈ ਆਸ਼ਰਮ, ਬੱਚਿਆਂ ਲਈ ਵਿੱਦਿਆ ਦਾ ਪ੍ਰਬੰਧ, ਨੌਜਵਾਨਾਂ ਲਈ ਤਕਨੀਕੀ ਸਿੱਖਿਆ, ਜਗਿਆਸੂ ਲੋਕਾਂ ਲਈ ਅਧਿਆਤਮਕ ਗਿਆਨ, ਜ਼ਿੰਦਗੀ ਦੀ ਸੰਪੂਰਨਤਾ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਡਾਕਟਰ ਹਰਭਜਨ ਸਿੰਘ ਜੀ ਦਾ ਜਨਮ 10 ਦਸੰਬਰ ਦਾ ਹੈ। ਉਹਨਾਂ ਦੇ ਜਨਮ ਦਿਨ ਤੇ ਵਿਸ਼ੇਸ਼ ਤੌਰ ਤੇ ਹਰ ਸਾਲ ਲੋੜਵੰਦ ਲੜਕੀਆਂ ਦੀਆਂ ਸ਼ਾਦੀਆਂ ਕਰਵਾਈਆਂ ਜਾਂਦੀਆਂ ਹਨ। ਇਸ ਸਾਲ ਵੀ ਇਹ ਕਾਰਜ ਕਰਵਾਏ ਜਾ ਰਹੇ ਹਨ। ਸੰਸਥਾ ਦੇ ਪ੍ਰਧਾਨ ਡਾਕਟਰ ਕਰਮਜੀਤ ਸਿੰਘ ਨੇ ਕਿਹਾ, ਸਾਡਾ ਮਨੋਰਥ ਕਿਰਪਾਲ ਸਾਗਰ ਦੇ ਸਿਰਜਣਹਾਰ ਡਾਕਟਰ ਹਰਭਜਨ ਸਿੰਘ ਜੀ ਤੇ ਬੀ ਜੀ ਸੁਰਿੰਦਰ ਕੌਰ ਜੀ ਦੁਆਰਾ ਸ਼ੁਰੂ ਕੀਤੇ ਕਾਰਜਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਹੈ।ਕਿਰਪਾਲ ਸਾਗਰ ਦੀ ਵਾਈਸ ਚੇਅਰਪਰਸਨ ਸ੍ਰੀਮਤੀ ਪਰਮਿੰਦਰ ਕੌਰ ਨੇ ਕਿਹਾ, ਅਗਲੇ ਸਾਲ 2024 ਨੂੰ ਸੰਤ ਕਿਰਪਾਲ ਸਿੰਘ ਜੀ ਦੀ ਬਣਾਈ ਹੋਈ ਸੰਸਥਾ ਯੂਨਿਟੀ ਆਫ ਮੈਨ ਦੇ 50 ਸਾਲ ਪੂਰੇ ਹੋਣ ਤੇ ਗੋਲਡਨ ਜੁਬਲੀ ਸਮਾਗਮ ਵਿਸ਼ੇਸ਼ ਤੌਰ ਤੇ ਕਰਵਾਏ ਜਾਣਗੇ। ਚੇਅਰਮੈਨ ਡਾ ਕਰਮਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਵਿੱਚ ਭਾਰਤ ਤੋਂ ਇਲਾਵਾ ਏਸ਼ੀਆ ਦੇ ਹੋਰ ਮੁਲਕਾਂ ਤੋਂ,ਯੋਰਪ ਤੋਂ , ਅਮਰੀਕਾ, ਕੇਨੈਡਾ ਤੋਂ ਵਿਸ਼ੇਸ਼ ਤੌਰ ਤੇ ਸੈਂਕੜੇ ਪਤਵੰਤੇ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਵਿਸ਼ੇਸ਼ ਤੌਰ ਤੇ ਹਾਜਰ ਹੋਣਗੇ। 3 ਤੋਂ 6 ਫਰਵਰੀ ਨੂੰ ਕਿਰਪਾਲ ਸਾਗਰ ਵਿਖੇ ਇਹ ਸਮਾਗਮ ਕਰਵਾਏ ਜਾਣਗੇ। ਇਸ ਦੀਆਂ ਮੁਢਲੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਕਿਰਪਾਲ ਸਾਗਰ ਦੇ ਸਮਾਗਮਾਂ ਵਿੱਚ ਸਭ ਪੁੱਜਣ ਲਈ ਹਾਰਦਿਕ ਸੱਦਾ ਹੈ। ਉਨ੍ਹਾਂ ਦੱਸਿਆ ਕਿ ਕਿਰਪਾਲ ਸਾਗਰ ਦੇ ਸਿਰਜਣਹਾਰ ਡਾਕਟਰ ਹਰਭਜਨ ਸਿੰਘ ਜੀ ਦੇ ਮੁਬਾਰਕ ਜਨਮ ਦਿਵਸ ਮੌਕੇ ਲੋੜਵੰਦ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਸੰਪੂਰਨ ਗੁਰਮਰਿਆਦਾ ਅਨੁਸਾਰ ਸੰਪੰਨ ਹੋਏ। ਵਿਆਹੇ ਜੋੜਿਆਂ ਨੂੰ ਯੂਨਿਟੀ ਆਫ ਮੈਨ ਵਲੋਂ ਘਰੇਲੂ ਵਰਤੋਂ ਦਾ ਸਾਮਾਨ ਦਿੱਤਾ ਗਿਆ। ਵਿਸ਼ੇਸ਼ ਤੌਰ ਤੇ ਵੇਹੜਾ ਸ਼ਗਨਾਂ ਦਾ, ਤਿਆਰ ਕੀਤਾ ਗਿਆ। ਪੁਰਾਤਨ ਲੋਕ ਸੰਗੀਤ, ਸਾਜ਼ ਵਜਾਏ ਗਏ। ਜੀਂਦੋਵਾਲ ਤੋਂ ਭਾਈ ਹਰਮੇਸ਼ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਨੇ ਰਸਭਿੰਨਾ ਕੀਰਤਨ ਕੀਤਾ। ਜਰਮਨੀ ਯੋਰਪ ਤੋਂ ਮਿਸਿਜ਼ ਰਗੀਨੇ ਵਾਇਜ਼ ਉਚੇਚੇ ਤੌਰ ਤੇ ਹਾਜਰ ਹੋਏ। ਡੋਲੀਆਂ ਤੌਰਨ ਦੀ ਰਸਮ ਭਾਅ ਜੀ ਕਰਮਜੀਤ ਸਿੰਘ ਜੀ ਤੇ ਭੈਣ ਜੀ ਪਰਮਿੰਦਰ ਕੌਰ ਨੇ ਨਿਭਾਈ।






