ਪੰਜਾਬ ਪੁਲਿਸ ਤੇ ਨਿਹਾਲ ਵਿਹਾਰ ਥਾਣਾ ਪੁਲਿਸ ਨੇ ਸਾਂਝੀ ਕਾਰਵਾਈ ਦੌਰਾਨ ਦੋ ਬਦਮਾਸ਼ਾਂ ਨੂੰ ਦਬੋਚ ਲਿਆ। ਉਨ੍ਹਾਂ ਕੋਲੋਂ ਦੋ ਪਿਸਤੌਲ, 10 ਕਾਰਤੂਸ, ਦੋ ਮੈਗਜ਼ੀਨ ਤੇ ਇਕ ਚਾਕੂ ਬਰਾਮਦ ਹੋਇਆ ਹੈ। ਮੁਲਜ਼ਮਾਂ ਦੇ ਨਾਂ ਨਵਦੀਪ ਤੇ ਚਰਨਜੀਤ ਸਿੰਘ ਹਨ। ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਐੱਸਐੱਸਪੀ ਨੇ ਸੂਚਨਾ ਦਿੱਤੀ ਸੀ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਧਾਰੀਵਾਲ ਥਾਣੇ ਵਿਚ ਦਰਜ ਹੱਤਿਆ ਦੀ ਕੋਸ਼ਿਸ਼ ਦੀ ਐੱਫਆਈਆਰ ਮਾਮਲੇ ਵਿਚ ਮੁਲਜ਼ਮਾਂ ਦੀ ਗਿ੍ਰਫਤਾਰੀ ਲਈ ਸਥਾਨਕ ਪੁਲਿਸ ਦੀ ਮਦਦ ਕੀਤੀ ਜਾਵੇ। ਉਨ੍ਹਾਂ ਮੁਲਜ਼ਮਾਂ ਦੀ ਲਾਈਵ ਲੋਕੇਸ਼ਨ ਸਾਂਝੀ ਕੀਤੀ ਅਤੇ ਕਿਹਾ ਕਿ ਮੁਲਜ਼ਮ ਨਿਹਾਲ ਵਿਹਾਰ ਵਿਚ ਹਨ। ਇਸ ਤੋਂ ਬਾਅਦ ਸਾਂਝੀ ਟੀਮ ਦਾ ਗਠਨ ਕੀਤਾ ਗਿਆ ਅਤੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਨਵਦੀਪ ਖ਼ਿਲਾਫ਼ ਗੁਰਦਾਸਪੁਰ ਜ਼ਿਲ੍ਹੇ ਦੇ ਧਾਰੀਵਾਲ ਥਾਣੇ ਵਿਚ ਦਰਜ ਹੱਤਿਆ ਦੀ ਕੋਸ਼ਿਸ਼ ਦੀ ਐਫਆਈਆਰ ਦਰਜ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਵਿਚ ਮਿਲੀ ਜਾਣਕਾਰੀ ਦੇ ਆਧਾਰ ’ਤੇ ਮਾਮਲੇ ਦੀ ਛਾਣਬੀਣ ਜਾਰੀ ਹੈ।






