ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੋਂ ਆਉਣ ਵਾਲੇ ਸਾਉਣੀ ਦੇ ਸੀਜ਼ਨ ਲਈ ਝੋਨੇ ਤੇ ਕਪਾਹ ਦਾ ਐੱਮਐੱਸਪੀ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਜੋ ਤਜਵੀਜ਼ ਭੇਜੀ ਹੈ ਉਸ ’ਚ ਕਿਹਾ ਗਿਆ ਹੈ ਕਿ ਝੋਨੇ ਦਾ ਮੁੱਲ 3284 ਰੁਪਏ ਤੇ ਕਪਾਹ ਦਾ ਮੁੱਲ 10767 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ। ਇਸ ਤੋਂ ਇਲਾਵਾ ਹੋਰ ਫ਼ਸਲਾਂ ਦੀ ਐੱਮਐੱਸਪੀ ਵਧਾਉਣ ਦੀ ਤਜਵੀਜ਼ ਵੀ ਕੇਂਦਰ ਨੂੰ ਭੇਜੀ ਗਈ ਹੈ। ਦੱਸਣਾ ਬਣਦਾ ਹੈ ਕਿ 2023-24 ਲਈ ਕੇਂਦਰ ਸਰਕਾਰ ਨੇ ਝੋਨੇ ਦਾ ਮੁੱਲ 2040 ਰੁਪਏ ਤੇ ਕਪਾਹ ਦਾ ਮੁੱਲ 7000 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਸੀ।
ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਦਸੰਬਰ ਮਹੀਨੇ ਖੇਤੀਬਾੜੀ ਵਿਭਾਗ ਨਾਲ ਇਕ ਲੰਬੀ ਮੀਟਿੰਗ ਕੀਤੀ ਸੀ ਜਿਸ ਵਿਚ ਉਨ੍ਹਾਂ ਨੇ ਗੰਨੇ ਨੂੰ ਬਦਲਵੀਂ ਫ਼ਸਲ ਵਜੋਂ ਉਭਾਰਨ ਦਾ ਜ਼ੋਰ ਦਿੱਤਾ ਸੀ। ਮੀਟਿੰਗ ਦੌਰਾਨ ਉਨ੍ਹਾਂ ਨੇ ਗੰਨੇ ਦੀ ਪੈਦਾਵਾਰ ਤੇ ਉਸ ਦੀ ਰਿਕਵਰੀ ਨੂੰ ਵਧਾਉਣ ਲਈ ਖੇਤੀਬਾੜੀ ਵਿਭਾਗ, ਕੇਨ ਕਮਿਸ਼ਨਰ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਇਸ ਸਬੰਧੀ ਮੀਟਿੰਗ ਕਰਨ ਲਈ ਕਿਹਾ। ਉਧਰ ਵਿਧਾਨ ਸਭਾ ਦੀ ਖੇਤੀ ਮਾਮਲਿਆਂ ਦੀ ਕਮੇਟੀ ਦੇ ਚੇਅਰਮੈਨ ਸਰਵਣ ਸਿੰਘ ਧੁਨ ਨੇ ਵੀ ਆਪਣੀ ਮੀਟਿੰਗ ’ਚ ਖੇਤੀਬਾੜੀ ਵਿਭਾਗ ਨੂੰ ਕਿਹਾ ਕਿ ਇਸ ਮੀਟਿੰਗ ’ਚ ਉਨ੍ਹਾਂ ਦੀ ਕਮੇਟੀ ਦੇ ਮੈਂਬਰਾਂ ਨੂੰ ਵੀ ਸੱਦਿਆ ਜਾਵੇ। ਉਨ੍ਹਾਂ ਆਪਣੇ ਖ਼ੁਦ ਦਾ, ਗੁਰਦਿੱਤ ਸਿੰਘ ਸੇਖੋਂ ਤੇ ਸੰਦੀਪ ਜਾਖੜ ਦੇ ਨਾਂ ਦੀ ਤਜਵੀਜ਼ ਵੀ ਭੇਜੀ ਪਰ ਅੱਜ ਇਹ ਮਟਿੰਗ ਹੋਈ ਤਾਂ ਉਸ ’ਚ ਸਿਰਫ਼ ਸੰਦੀਪ ਜਾਖੜ ਹੀ ਪੁੱਜੇ। ਚੇਅਰਮੈਨ ਤੇ ਮੈਂਬਰ ਨਹੀਂ ਆਏ।
ਮੀਟਿੰਗ ’ਚ ਜਿੱਥੇ ਗੰਨੇ ਨੂੰ ਬਦਲਵੀਂ ਫ਼ਸਲ ਦੇ ਰੂਪ ’ਚ ਦੇਖਿਆ ਗਿਆ ਉੱਥੇ ਇਸ ’ਤੇ ਚਿੰਤਾ ਵੀ ਪ੍ਰਗਟ ਕੀਤੀ ਗਈ ਕਿ ਜ਼ਿਆਦਾਤਰ ਕਿਸਮਾਂ ਦੀ ਰਿਕਵਰੀ ਕਾਫ਼ੀ ਘੱਟ ਹੈ ਜਿਸ ਕਾਰਨ ਖੰਡ ਮਿੱਲਾਂ ਗੰਨੇ ਦਾ ਜ਼ਿਆਦਾ ਮੁੱਲ ਦੇਣ ਤੋਂ ਟਾਲ਼ਾ ਵਟਦੀਆਂ ਹਨ। ਇਹ ਵੀ ਸੁਝਾਅ ਦਿੱਤਾ ਗਿਆ ਕਿ ਗੰਨੇ ਦੀ ਅਜਿਹੀ ਕਿਸਮ ਕਿਸਾਨਾਂ ਨੂੰ ਦਿੱਤੀ ਜਾਵੇਗੀ ਜਿਸ ਦੀ ਪੈਦਾਵਾਰ ਜ਼ਿਆਦਾ ਹੋਵੇ। ਦਿਲਚਸਪ ਗੱਲ ਇਹ ਹੈ ਕਿ ਪਿਛਲੀ ਕੈਪਟਨ ਸਰਕਾਰ ਦੇ ਕਾਰਜਕਾਲ ’ਚ ਵੀ ਨਹੀਂ ਕਿਸਮ ਨੂੰ ਉਤਸ਼ਾਹਿਤ ਕਰਨ ਲਈ ਕਲਾਨੌਰ ’ਚ ਬਣਾਏ ਗਏ ਗੰਨਾ ਖੋਜ ਕੇਂਦਰ ਨੂੰ ਵਰਾਇਟੀ ਵਿਕਸਤ ਕਰਨ ਲਈ ਕਿਹਾ ਗਿਆ ਸੀ। ਇਸ ਤੋਂ ਇਲਾਵਾ ਗੰਨੇ ਤੋਂ ਸਿਰਫ਼ ਖੰਡ ਬਣਾਉਣ ਤੋਂ ਇਲਾਵਾ ਦਵਾਈ ਨਿਰਮਾਣ ’ਚ ਵਰਤੀ ਜਾਣ ਵਾਲੀ ਖੰਡ ਬਣਾਉਣ ਲਈ ਵੀ ਖੋਜ ਕਰਨ ਲਈ ਕਿਹਾ ਗਿਆ।






