ਸਥਾਨਕ ਭਾਮੀਆ ਰੋਡ ਇਲਾਕੇ ‘ਚ ਰੰਜਿਸ਼ ਦੇ ਚਲਦੇ ਮਾਂ ਅਤੇ ਉਸਦੇ ਪੁੱਤਰ ਨੂੰ ਰਾਹ ‘ਚ ਘੇਰ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਪੀੜਤ ਬਜ਼ੁਰਗ ਔਰਤ ਮੁਤਾਬਕ ਹਮਲਾਵਰਾਂ ਨੇ ਉਸ ਦੇ ਥੱਪੜ ਮਾਰੇ ਤੇ ਧੱਕੇ ਨਾਲ ਕੰਨਾਂ ‘ਚ ਪਾਈਆਂ ਸੋਨੇ ਦੀਆਂ ਵਾਲ਼ੀਆਂ ਝਪਟ ਲਈਆਂ। ਸੜਕ ‘ਤੇ ਰੌਲਾ ਪੈਣ ਮਗਰੋਂ ਰਾਹਗੀਰ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਹਮਲਾਵਰ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਭੱਜ ਨਿਕਲੇ। ਪੀੜਤ ਪਰਿਵਾਰ ਨੇ ਉਕਤ ਮਾਮਲੇ ਦੀ ਸ਼ਿਕਾਇਤ ਚੌਕੀ ਮੁੰਡੀਆਂ ਪੁਲਿਸ ਕੋਲ ਦਰਜ ਕਰਵਾ ਦਿੱਤੀ ਹੈ।
ਸ਼ਿਕਾਇਤਕਰਤਾ ਬਲਵਿੰਦਰ ਸੰਧੂ ਮੁਤਾਬਕ ਪੁਲਿਸ ਨੇ ਸਰਕਾਰੀ ਜ਼ਮੀਨ ‘ਤੇ ਗਬਨ ਸਬੰਧੀ ਬੀਤੇ ਦਿਨਾਂ ‘ਚ ਵੱਡਾ ਖੁਲਾਸਾ ਕੀਤਾ ਸੀ, ਜਿਸ ਤੋਂ ਦੂਜੇ ਪੱਖ ਵਾਲੇ ਉਸ ਨਾਲ ਰੰਜਿਸ਼ ਰੱਖਣ ਲੱਗ ਗਏ ਸਨ। ਕਈ ਵਾਰ ਉਸ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਇਸ ਖੁਲਾਸੇ ਸਬੰਧੀ ਖਬਰ ਹਟਾਉਣ ਲਈ ਵੀ ਧਮਕਾਇਆ ਗਿਆ ਪਰ ਜਦੋਂ ਉਹ ਮੁਲਜ਼ਮ ਪੱਖ ਦੇ ਦਬਾਅ ਹੇਠਾਂ ਨਾ ਆਇਆ ਤਾਂ ਉਸ ਨੂੰ ਡਰਾਉਣ ਲਈ ਇਹ ਵਾਰਦਾਤ ਅੰਜਾਮ ਦਿੱਤੀ ਗਈ। ਬਲਵਿੰਦਰ ਸੰਧੂ ਮੁਤਾਬਕ ਉਹ ਆਪਣੀ ਮਾਤਾ ਗੁਰਮੀਤ ਕੌਰ ਨਾਲ ਜਾ ਰਿਹਾ ਸੀ ਕਿ ਰਾਹ ‘ਚ ਸਬਜ਼ੀ ਮੰਡੀ ਕੋਲ ਉਸਨੂੰ ਘੇਰ ਲਿਆ ਗਿਆ। ਮਾਂ ਅਤੇ ਪੁੱਤਰ ਦੋਵਾਂ ਨਾਲ ਕੁੱਟਮਾਰ ਕਰ ਕੇ ਜਬਰੀ ਮਾਫੀ ਮੰਗਾਈ ਗਈ ਤੇ ਸਾਰਾ ਵੀਡੀਓ ਵਿੱਚ ਰਿਕਾਰਡ ਕੀਤਾ ਗਿਆ।






