ਥਾਣਾ ਬਾਰਾਦਰੀ ਦੀ ਪੁਲਿਸ ਨੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ, ਜਦਕਿ ਇਨ੍ਹਾਂ ਕੋਲੋਂ ਚੋਰੀ ਦੇ ਮੋਬਾਈਲ ਖਰੀਦਣ ਵਾਲੇ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਸੀਪੀ ਸੈਂਟਰਲ ਨਿਰਮਲ ਸਿੰਘ ਨੇ ਦੱਸਿਆ ਕਿ ਥਾਣਾ ਬਾਰਾਦਰੀ ਦੇ ਮੁਖੀ ਨੂੰ ਸੂਹ ਮਿਲੀ ਸੀ ਕਿ ਖੋਹ ਕਰਨ ਵਾਲਿਆਂ ਦਾ ਇਕ ਗਿਰੋਹ ਸਰਗਰਮ ਹੈ ਜੋ ਕਿ ਦਾਤ ਦੀ ਵਰਤੋਂ ਕਰ ਕੇ ਲੋਕਾਂ ਤੋਂ ਕੀਮਤੀ ਸਾਮਾਨ ਖੋਹ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਗਿਰੋਹ ਚੋਰੀ ਕੀਤਾ ਸਾਮਾਨ ਕਿਸੇ ਹੋਰ ਨੂੰ ਵੇਚਦਾ ਸੀ। ਸੂਚਨਾ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ 40 ਕੁਆਰਟਰਾਂ ਨੇੜੇ ਨਾਕਾਬੰਦੀ ਕਰ ਕੇ ਚੈਕਿੰਗ ਸ਼ੁਰੂ ਕੀਤੀ। ਇਸ ਦੇ ਨਤੀਜੇ ਵਜੋਂ 40 ਕੁਆਰਟਰਾਂ ਦੇ ਨੇੜੇ ਤੋਂ ਸ਼ੱਕੀ ਨੌਜਵਾਨਾਂ ਜਿਨ੍ਹਾਂ ਦੀ ਪਛਾਣ ਗੌਰਵ ਉਰਫ ਗੋਰੀ ਵਾਸੀ ਪਾਲ ਹਸਪਤਾਲ ਆਵਾ ਮੁਹੱਲਾ, ਪ੍ਰਤਾਪ ਬਾਗ ਜਲੰਧਰ, ਰਾਜ ਕੁਮਾਰ ਉਰਫ ਨਾਗਰਾਜ ਵਾਸੀ ਪਿੰਡ ਨਵਾਗੜ੍ਹੀ ਪੀਐੱਸ ਦਰਗਾਹ ਸ਼ਰੀਫ ਜ਼ਿਲ੍ਹਾ ਬਹਿਰਾਚ ਉੱਤਰ ਪ੍ਰਦੇਸ਼ ਹਾਲ ਵਾਸੀ ਨੇੜੇ ਸਿਟੀ ਰੇਲਵੇ ਸਟੇਸ਼ਨ ਜਲੰਧਰ, ਕੁੰਵਰ ਬਹਾਦਰ ਉਰਫ ਸੋਨੂੰ ਵਾਸੀ ਸੰਤੋਸ਼ੀ ਨਗਰ ਨੇੜੇ ਰਾਜੂ ਕਰਿਆਨਾ ਸਟੋਰ ਜਲੰਧਰ ਤੇ ਰੋਹਿਤ ਅਰੋੜਾ ਵਾਸੀ ਮੰਡੀ ਰੋਡ ਨੇੜੇ ਬਾਰਦਾਨਾ ਬਾਜ਼ਾਰ ਜਲੰਧਰ ਨੂੰ ਗਿ੍ਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਥਾਣਾ ਨਵੀਂ ਬਾਰਾਦਰੀ ਵਿਖੇ ਮੁਲਜ਼ਮਾਂ ਖਿਲਾਫ ਧਾਰਾ 379ਬੀ (2),379,411 ਆਈਪੀਸੀ ਦਰਜ ਕੀਤੀ ਗਈ ਹੈ। ਏਸੀਪੀ ਨਿਰਮਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਗਿਰੋਹ ਤੋਂ ਵੱਖ-ਵੱਖ ਬ੍ਾਂਡਾਂ ਦੇ 10 ਚੋਰੀ ਕੀਤੇ ਮੋਬਾਈਲ ਫ਼ੋਨ, ਇਕ ਮੋਟਰਸਾਈਕਲ ਸੀਟੀ-100 ਬਿਨਾਂ ਨੰਬਰ ਦੇ ਤੇ ਇਕ ਦਾਤ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗੌਰਵ, ਕੁੰਵਰ ਬਹਾਦਰ ਤੇ ਰੋਹਿਤ ਅਰੋੜਾ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਪਰ ਰਾਜ ਕੁਮਾਰ ਖ਼ਿਲਾਫ਼ ਲੁਧਿਆਣਾ, ਅੰਮਿ੍ਤਸਰ ਤੇ ਜਲੰਧਰ ਵਿਖੇ ਪੰਜ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੂੰ ਅਦਾਲਤ ‘ਚੋਂ ਪੁਲਿਸ ਰਿਮਾਂਡ ‘ਤੇ ਲੈ ਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਲੁੱਟਾਂ ਖੋਹਾਂ ਦੇ ਕਈ ਹੋਰ ਮਸਲੇ ਵੀ ਹੱਲ ਹੋਣਗੇ।






