ਪਿੰਡ ਰੱਲਾ ਦੇ ਮਾਈ ਭਾਗੋ ਕਾਲਜ ਨਜ਼ਦੀਕ ਬਰੀਜਾ ਕਾਰ ਤੇ ਮਾਰੂਤੀ ਸਵਿਫ਼ਟ ਕਾਰ ਦੀ ਆਪਸੀ ਸ਼ੁਕਰਵਾਰ ਨੂੰ ਹੋਈ ਟੱਕਰ ‘ਚ ਇਕ ਨੌਜਵਾਨ ਤੇ ਇੱਕ ਬਜ਼ੁਰਗ ਅੌਰਤ ਦੀ ਮੌਤ ਹੋ ਗਈ। ਇਨ੍ਹਾਂ ਦਾ ਪੋਸਟਮਾਰਟਮ ਸਿਵਲ ਹਸਪਤਾਲ ਮਾਨਸਾ ਵਿਖੇ ਕੀਤਾ ਗਿਆ। ਜੋਗਾ ਪੁਲਿਸ ਨੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਆਰੰਭ ਕਰ ਦਿੱਤੀ ਹੈ।
ਇੱਥੇ ਦੱਸਣਯੋਗ ਹੈ ਕਿ ਸਵਿਫ਼ਟ ਕਾਰ ਸਵਾਰ ਆਪਣੀ ਨਵੀਂ ਕਾਰ ਦੀ ਖ਼ੁਸ਼ੀ ‘ਚ ਜੋਗੀਪੀਰ ਵਿਖੇ ਮੱਥਾ ਟੇਕ ਕੇ ਜੋਗਾ ਵਾਪਸ ਜਾ ਰਹੇ ਸਨ, ਜਦਕਿ ਬਰੀਜਾ ਗੱਡੀ ਵਾਲੇ ਆਪਣੇ ਪਿੰਡ ਮੋੜ ਨਾਭਾ ਤੋਂ ਆਪਣੀ ਰਿਸ਼ਤੇਦਾਰੀ ‘ਚ ਮਾਨਸਾ ਆ ਰਹੇ ਸਨ। ਇਸ ਹਾਦਸੇ ਦੌਰਾਨ ਇਕ ਕਾਰ ਚਾਲਕ ਸੁਰਜੀਤ ਸਿੰਘ (40) ਪੁੱਤਰ ਬਲਦੇਵ ਸਿੰਘ ਵਾਸੀ ਜੋਗਾ ਤੇ ਸ਼ਾਂਤੀ ਦੇਵੀ ਪਤਨੀ ਹਰਦੇਵ ਸਿੰਘ ਵਾਸੀ ਨਾਭਾ ਦੀ ਮੌਤ ਹੋ ਗਈ। ਇਸ ਦੇ ਇਲਾਵਾ 4 ਜਣੇ ਜ਼ਖ਼ਮੀ ਹੋ ਗਏ। ਥਾਣਾ ਜੋਗਾ ਦੀ ਐੱਸਐੱਚਓ ਬੇਅੰਤ ਕੌਰ ਨੇ ਦੱਸਿਆ ਮਲਕੀਤ ਸਿੰਘ ਵਾਸੀ ਮੌੜ ਨਾਭਾ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।






