ਅੰਮ੍ਰਿਤਸਰ : ਹਥਿਆਰਾਂ ਦੀ ਖੇਪ ਸਮੇਤ ਗ੍ਰਿਫ਼ਤਾਰ ਕੀਤੇ ਗਏ ਛੇ ਮੁਲਜ਼ਮਾਂ ਅਤੇ ਜੇਲ੍ਹ ਤੋਂ ਪੋ੍ਰਡਕਸ਼ਨ ਵਾਰੰਟ ’ਤੇ ਗਿ੍ਰਫ਼ਤਾਰ ਕੀਤੇ ਗਏ ਕੁਨਾਲ ਮਹਾਜਨ ਨੇ ਪੁਲਿਸ ਹਿਰਾਸਤ ’ਚ ਕਈ ਰਾਜ਼ ਖੋਲ੍ਹੇ ਹਨ। ਪਤਾ ਲੱਗਾ ਹੈ ਕਿ ਮੁਲਜ਼ਮਾਂ ਦੇ ਤਾਰ ਦਿੱਲੀ ਦੇ ਗੈਂਗਸਟਰਾਂ ਨਾਲ ਜੁੜੇ ਹੋਏ ਹਨ। ਜਾਂਚ ਦੌਰਾਨ ਪੁਲਿਸ ਅਧਿਕਾਰੀਆਂ ਨੇ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਸਾਰੇ ਮੁਲਜ਼ਮ ਦਿੱਲੀ ਦੇ ਨਾਲ ਲੱਗਦੇ ਉੱਤਰ ਪ੍ਰਦੇਸ਼ (ਯੂਪੀ) ਅਤੇ ਪੰਜਾਬ ਦੇ ਗੈਂਗਸਟਰਾਂ ਨੂੰ ਹਥਿਆਰਾਂ ਦੀਆਂ ਵੱਡੀ ਖੇਪਾਂ ਸਪਲਾਈ ਕਰ ਚੁੱਕੇ ਹਨ। ਮੁਲਜ਼ਮਾਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਕ ਵੱਡੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਇਸ ਗਿਰੋਹ ਨਾਲ ਜੁੜੇ ਦਰਜਨ ਭਰ ਮੈਂਬਰਾਂ ਦੀ ਗਿ੍ਰਫ਼ਤਾਰੀ ਦੇ ਨਾਲ-ਨਾਲ ਮੱਧ ਪ੍ਰਦੇਸ਼ (ਐੱਮਪੀ) ਤੋਂ ਮੰਗਵਾਈ ਜਾਣ ਵਾਲੀ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਹੋਵੇਗੀ। ਫਿਲਹਾਲ ਪੁਲਿਸ ਜਾਂਚ ਵਿਚ ਜੁਟੀ ਹੈ। ਜਾਂਚ ਟੀਮ ਦੇ ਇਕ ਅਫਸਰ ਨੇ ਦੱਸਿਆ ਕਿ ਫੜੇ ਗਏ ਕਰਣਦੀਪ ਸਿੰਘ, ਸ਼ਰਨਜੀਤ ਸਿੰਘ ਉਰਫ ਸੰਨੀ, ਜਸ਼ਨਦੀਪ ਸਿੰਘ ਉਰਫ ਚਿੱਲਰ ਦੇ ਮੋਬਾਈਲ ਤੋਂ ਦਿੱਲੀ ਦੇ ਗੈਂਗਸਟਰਾਂ ਦੇ ਨੰਬਰ ਮਿਲੇ ਹਨ। ਇਸ ਨੂੰ ਲੈ ਕੇ ਪੁਲਿਸ ਮੁਲਜ਼ਮਾਂ ਦੇ ਮੋਬਾਈਲ ਦਾ ਪੁਰਾਣਾ ਡਾਟਾ ਵੀ ਕਢਵਾ ਰਹੀ ਹੈ। ਪਤਾ ਲਗਾਇਆ ਜਾ ਰਿਹਾ ਹੈ ਕਿ ਮੁਲਜ਼ਮ ਉਨ੍ਹਾਂ ਨੰਬਰਾਂ ਵਿਚ ਕਦੋਂ ਤੋਂ ਸੰਪਰਕ ਵਿਚ ਹਨ।
ਓਧਰ, ਜੇਲ੍ਹ ਤੋਂ ਗਿ੍ਰਫ਼ਤਾਰ ਕੀਤੇ ਗਏ ਕੁਨਾਲ ਮਹਾਜਨ ਦਾ ਵੀ ਪੁਲਿਸ ਖਾਕਾ ਜਾਂਚ ਰਹੀ ਹੈ। ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਮੁਲਜ਼ਮ ਜੇਲ੍ਹ ਵਿਚ ਰਹਿੰਦਿਆਂ ਮੋਬਾਈਲ ਰਾਹੀਂ ਆਪਣੇ ਆਸਟ੍ਰਏਲੀਆ ਵਿਚ ਬੈਠੇ ਆਕਾ ਰਿਤਿਕ ਉਰਫ ਰੈਲੀ ਦੇ ਸੰਪਰਕ ਵਿਚ ਰਹਿ ਕੇ ਹਥਿਆਰਾਂ ਦੀਆਂ ਖੇਪਾਂ ਟਿਕਾਣੇ ਲਗਵਾ ਰਿਹਾ ਸੀ।
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਕਮਿਸ਼ਨਰੇਟ ਨੇ ਛਾਪਾਮਾਰੀ ਕਰ ਕੇ ਦਸ ਪਿਸਤੌਲ, ਦਸ ਮੈਗਜ਼ੀਨ, 15 ਕਾਰਤੂਸ ਅਤੇ ਇਕ ਰਾਈਫਲ ਬਰਾਮਦ ਕਰ ਕੇ ਛੇ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ ਪੁਲਿਸ ਵਡਾਲੀ ਵਾਸੀ ਜਸ਼ਨਦੀਪ ਸਿੰਘ ਉਰਫ ਚਿੱਲਰ, ਕਰਣਦੀਪ ਸਿੰਘ ਉਰਫ ਕਰਣਜੀਤ ਉਰਫ ਧਾਨੀ, ਤਰਨ ਤਾਰਨ ਦੇ ਪਿੰਡ ਬਹਲਾ ਵਾਸੀ ਸ਼ਰਨਜੀਤ ਸਿੰਘ ਉਰਫ ਸੰਨੀ, ਚੌਹਲਾ ਸਾਹਿਬ ਵਾਸੀ ਦੀਪਕ ਕੁਮਾਰ ਉਰਫ ਦੀਪੂ, ਸੰਦੀਪ ਸਿੰਘ ਉਰਫ ਕਾਕਾ, ਹੋਠੀਆਂ ਪਿੰਡ ਵਾਸੀ ਨਰਿੰਦਰ ਸਿੰਘ ਉਰਫ ਸੋਨੂੰ ਦੇ ਰੂਪ ਵਿਚ ਦੱਸੀ।






