ਬਠਿੰਡਾ : ਪਿਛਲੇ ਦਿਨੀ ਅਖਬਾਰਾਂ ਦੀਆਂ ਸੁਰਖੀਆਂ ਬਣਿਆ ਮੋਬਾਈਲ ਫੋਨ ਖੋਹਣ ਵਾਲਾ ਝਪਟਮਾਰ ਆਖਰ ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਨੇ ਫੜ ਹੀ ਲਿਆ। ‘ਪੰਜਾਬੀ ਜਾਗਰਣ’ ਨੇ 9 ਫਰਵਰੀ ਦੇ ਅੰਕ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ ਜਿਸ ਤੋਂ ਬਾਅਦ ਪੁਲਿਸ ਹਰਕਤ ਵਿਚ ਆਈ। ਮੁਲਜ਼ਮ ਕੋਲੋਂ ਪੁਲਿਸ ਨੇ ਦੋ ਹੋਰ ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ। ਕਥਿਤ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕਥਿਤ ਮੁਲਜ਼ਮ ਦੀ ਪਛਾਣ ਦੀਪਕ ਕੁਮਾਰ ਵਾਸੀ ਪ੍ਰਤਾਪ ਨਗਰ ਵਜੋਂ ਹੋਈ ਹੈ।
ਇਸ ਸਬੰਧੀ ਸਹਾਇਕ ਥਾਣੇਦਾਰ ਵਿਸ਼ਨੂ ਦਾਸ ਨੇ ਦੱਸਿਆ ਹੈ ਕਿ ਸੂਚਨਾ ਮਿਲੀ ਸੀ ਦੀਪਕ ਨਾਮ ਦਾ ਨੌਜਵਾਨ ਨਸ਼ਾ ਕਰਨ ਦਾ ਆਦੀ ਹੈ ਅਤੇ ਨਸ਼ੇ ਦੀ ਭੱਲ ਪੂਰੀ ਕਰਨ ਲਈ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ। ਕਥਿਤ ਮੁਲਜ਼ਮ ਇਸ ਵਕਤ ਪ੍ਰਤਾਪ ਨਗਰ ਵਿਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ‘ਚ ਘੁੰਮ ਰਿਹਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ ਉਕਤ ਨੌਜਵਾਨ ਨੂੰ ਸਥਾਨਕ ਪ੍ਰਤਾਪ ਨਗਰ ਵਿਚ ਸਥਿਤ ਪੋਖਰ ਮਲ ਕਨਟੀਨ ਦੇ ਕੋਲੋਂ ਕਾਬੂ ਕਰ ਕੇ ਦੋ ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਉਹ ਹੁਣ ਤਕ ਕਿੰਨ੍ਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ ਤੇ ਖੋਹੇ ਹੋਏ ਮੋਬਾਈਲ ਫੋਨ ਅੱਗੇ ਕਿਸ ਨੂੰ ਵੇਚਦਾ ਸੀ।
ਦੱਸ ਦਈਏ ਕਿ ਉਕਤ ਝਪਟਮਾਰ ਨੇ ਅੰਕਿਤਾ ਸ਼ਰਮਾ ਨਾਮ ਦੀ ਇਕ ਲੜਕੀ ਦਾ ਮੋਬਾਈਲ ਫੋਨ ਉਸ ਸਮੇਂ ਖੋ ਲਿਆ ਸੀ ਜਦ ਉਹ ਆਪਣੇ ਪਿਤਾ ਨਾਲ ਗੱਲ ਕਰ ਰਹੀ ਸੀ। ਇਸ ਤੋਂ ਬਾਅਦ ਪੀੜਤਾਂ ਨੂੰ ਆਪਣਾ ਫੋਨ ਬਰਾਮਦ ਕਰਵਾਉਣ ਲਈ ਖੱਜਲ ਖਵਾਰ ਹੋਣਾ ਪਿਆ ਸੀ। ਪੀੜਤ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੇ ਉਕਤ ਨੌਜਵਾਨ ਦਾ ਪਤਾ ਅਤੇ ਲਾਈਵ ਲੋਕੇਸ਼ਨ ਸਬੰਧਤ ਥਾਣੇ ਨੂੰ ਦਿੱਤੀ, ਪਰ ਇਸ ਦੇ ਬਾਵਜੂਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਤੋਂ ਬਾਅਦ ਉਹ ਖੁਦ ਉਕਤ ਲੜਕੇ ਦੇ ਘਰ ਗਈ ਅਤੇ ਉਸ ਦਾ ਮੋਬਾਈਲ ਵਾਪਸ ਲੈ ਲਿਆ। ਉਕਤ ਮਾਮਲਾ ਐਸਐਸਪੀ ਹਰਮਨਬੀਰ ਸਿੰਘ ਗਿੱਲ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਸੀ।






