ਬੀਤੀ ਦੇਰ ਰਾਤ ਜਲੰਧਰ-ਫਗਵਾੜਾ ਹਾਈਵੇ ’ਤੇ ਬੜਿੰਗ ਗੇਟ ਸਾਹਮਣੇ ਕਿਸੇ ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਅਮਰੀਕਾ ਤੋਂ ਕੁਝ ਸਮਾਂ ਪਹਿਲਾਂ ਪਰਤੇ ਮੋਟਰਸਾਈਕਲ ਸਵਾਰ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ, ਜਦਕਿ ਉਸ ਦੇ ਨਾਲ ਬੈਠਾ ਉਸ ਦਾ ਦੂਜਾ ਸਾਥੀ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਨਜ਼ਦੀਕੀ ਜੌਹਲ ਹਸਪਤਾਲ ਰਾਮਾ ਮੰਡੀ ਵਿਖੇ ਦਾਖਲ ਕਰਵਾਇਆ ਗਿਆ ਹੈ। ਜ਼ਖ਼ਮੀ ਨੌਜਵਾਨ ਦੀ ਹਾਲਤ ਖਬਰ ਲਿਖੇ ਜਾਣ ਤਕ ਨਾਜ਼ੁਕ ਬਣੀ ਹੋਈ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਜਾਂਚ ਕਰਨ ਪਹੁੰਚੇ ਥਾਣਾ ਜਲੰਧਰ ਕੈਂਟ ਦੇ ਏਐੱਸਆਈ ਗੁਰਦੀਪ ਚੰਦ ਨੇ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਨੌਜਵਾਨ ਕਰਨਜੋਤ ਵਾਸੀ ਵਿਵੇਕ ਵਿਹਾਰ, ਮਕਸੂਦਾਂ ਵਜੋਂ ਹੋਈ ਹੈ ਜੋਕਿ ਆਪਣੇ ਦੋਸਤ ਸੌਰਵ ਵਾਸੀ ਨੰਦਨਪੁਰ, ਮਕਸੂਦਾਂ ਨਾਲ ਆਪਣੀ ਸਪੋਰਟਸ ਬਾਈਕ ’ਤੇ ਫਗਵਾੜਾ ਤੋਂ ਜਲੰਧਰ ਆ ਰਹੇ ਸਨ। ਬੜਿੰਗ ਗੇਟ ਸਾਮ੍ਹਣੇ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਰਨਜੋਤ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਸੌਰਵ ਬੇਹੋਸ਼ ਹੋ ਗਿਆ, ਜਿਸ ਨੂੰ ਰਾਮਾ ਮੰਡੀ ਦੇ ਜੌਹਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਧਾਰਾ 304 ਤਹਿਤ ਕੇਸ ਦਰਜ ਕਰਕੇ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਇਸ ਸਬੰਧੀ ਜਾਂਚ ਅਧਿਕਾਰੀ ਏਐੱਸਆਈ ਗੁਰਦੀਪ ਚੰਦ ਨੇ ਦੱਸਿਆ ਕਿ ਕਰਨਜੋਤ ਕੁਝ ਸਮਾਂ ਪਹਿਲਾਂ ਹੀ ਅਮਰੀਕਾ ਤੋਂ ਪਰਤਿਆ ਸੀ। ਦੂਜੇ ਪਾਸੇ ਸੌਰਵ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ ਤੇ ਡਾਕਟਰ ਮੁਤਾਬਕ ਉਹ ਅਜੇ ਕੋਈ ਬਿਆਨ ਦੇਣ ਤੋਂ ਅਸਮਰੱਥ ਹੈ। ਉਸ ਦੇ ਹੋਸ਼ ’ਚ ਆਉਣ ਤੋਂ ਬਾਅਦ ਹੀ ਘਟਨਾ ਬਾਰੇ ਪੂਰੀ ਜਾਣਕਾਰੀ ਮਿਲ ਸਕੇਗੀ। ਫਿਲਹਾਲ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।






