ਸਮਰਾਲਾ ਨੇੜਲੇ ਪਿੰਡ ਪੂਨੀਆ ‘ਚ ਦੇਰ ਰਾਤ ਵਾਪਰੀ ਘਟਨਾ ‘ਚ ਇਕ ਵਿਅਕਤੀ ਨੇ ਸ਼ਰਾਬ ਦੇ ਨਸ਼ੇ ਦੀ ਹਾਲਤ ‘ਚ ਹੋਏ ਝਗੜੇ ਦੌਰਾਨ ਆਪਣੇ ਵੱਡੇ ਭਰਾ ਦੇ ਸਿਰ ‘ਚ ਲੱਕੜ ਦੇ ਡੰਡੇ ਨਾਲ ਜ਼ੋਰਦਾਰ ਵਾਰ ਕਰ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਜਗਜੀਵਨ ਸਿੰਘ ਜੱਗਾ (38) ਪੁੱਤਰ ਰਾਮ ਸਿੰਘ ਵਾਸੀ ਪਿੰਡ ਪੂਨੀਆ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਜਗਜੀਵਨ ਸਿੰਘ ਆਪਣੇ ਛੋਟੇ ਭਰਾ ਦਲਵੀਰ ਸਿੰਘ (32) ਤੇ ਪਿਤਾ ਰਾਮ ਸਿੰਘ ਨਾਲ ਪਿੰਡ ‘ਚ ਰਹਿੰਦਾ ਸੀ ਤੇ ਤਿੰਨੋ ਜਣੇ ਦਿਹਾੜੀ ਜੋਤੇ ਦਾ ਹੀ ਕੰਮ ਕਰ ਕੇ ਕਮਾਏ ਪੈਸਿਆਂ ਨਾਲ ਹਰ ਰੋਜ ਸ਼ਰਾਬ ਪੀ ਲੈਂਦੇ। ਇਨ੍ਹਾਂ ਦੀ ਇਸੇ ਆਦਤ ਕਰਕੇ ਦੋਹਾਂ ਭਰਾਵਾਂ ਦੀਆਂ ਘਰਵਾਲੀਆਂ ਘਰ ਛੱਡ ਕੇ ਚਲੀਆਂ ਗਈਆਂ। ਘਟਨਾ ਵਾਲੇ ਦਿਨ ਵੀ ਦੋਨਾਂ ਭਰਾਵਾਂ ਨੇ ਆਪਣੇ ਪਿਤਾ ਨਾਲ ਇਕੱਠਿਆਂ ਸ਼ਰਾਬ ਪੀਤੀ ਤੇ ਇਸ ਦੌਰਾਨ ਹੀ ਛੋਟੇ ਭਰਾ ਦਲਵੀਰ ਸਿੰਘ ਦੀ ਵੱਡੇ ਭਰਾ ਜਗਜੀਵਨ ਸਿੰਘ ਨਾਲ ਕਿਸੇ ਗੱਲੋਂ ਬਹਿਸ ਹੋ ਗਈ। ਦਲਵੀਰ ਸਿੰਘ ਨੇ ਲੜਾਈ ਦੌਰਾਨ ਕੋਲ ਪਿਆ ਲੱਕੜ ਦਾ ਡੰਡਾ ਚੁੱਕ ਕੇ ਭਰਾ ਦੇ ਸਿਰ ‘ਚ ਮਾਰਿਆ ਜਿਸ ਨਾਲ ਓਹਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪੁੱਜੇ ਤੇ ਮਾਮਲਾ ਦਰਜ ਕਰ ਕੇ ਮੁਲਜ਼ਮ ਦਲਵੀਰ ਸਿੰਘ ਨੂੰ ਕਾਬੂ ਕਰ ਲਿਆ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਲਾਸ਼ ਸਿਵਲ ਹਸਪਤਾਲ ਸਮਰਾਲਾ ਦੇ ਮੋਰਚਰੀ ਹਾਊਸ ਵਿਚ ਰਖਵਾ ਦਿੱਤੀ ਹੈ ਤੇ ਹੋਰ ਜਾਂਚ ਜਾਰੀ ਹੈ।






