ਮਹਾਨਗਰ ਦੇ ਹੈਬੋਵਾਲ ਇਲਾਕੇ ‘ਚ ਬੀਤੀ ਰਾਤ 40 ਸਾਲਾ ਅਧਖੜ ਵਿਅਕਤੀ ਨੇ ਸਨਸਨੀਖੇਜ਼ ਢੰਗ ਨਾਲ ਆਪਣੇ-ਆਪ ਨੂੰ ਅੱਗ ਹਵਾਲੇ ਕਰ ਦਿੱਤਾ। ਹਾਲਾਂਕਿ ਲੋਕਾਂ ਨੇ ਉਸ ਨੂੰ ਜਲਦੀ ਚਿਤਾ ‘ਚੋਂ ਕੱਢ ਕੇ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਬੁਰੀ ਤੜ੍ਹਾ ਨਾਲ ਝੁਲਸ ਚੁੱਕਾ ਅਧਖੜ ਕੁਝ ਸਮੇਂ ਬਾਅਦ ਹੀ ਦਮ ਤੋੜ ਗਿਆ। ਜਾਣਕਾਰੀ ਮੁਤਾਬਕ ਮੌਤ ਨੂੰ ਗਲ਼ੇ ਲਗਾਉਣ ਵਾਲਾ ਇਹ ਅਧਖੜ ਐਚਆਈਵੀ ਪਾਜ਼ੇਟਿਵ ਸੀ। ਉਕਤ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਹੈਬੋਵਾਲ ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾਇਆ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਮਨੋਜ ਕੁਮਾਰ ਦੇ ਰੂਪ ‘ਚ ਹੋਈ ਹੈ।
ਸਨਸਨੀਖੇਜ਼ ਢੰਗ ਨਾਲ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੇ ਆਪ ਹੀ ਲੱਕੜਾਂ ਨਾਲ ਚਿਤਾ ਬਣਾਈ ਤੇ ਲੰਮੇ ਪੈ ਕੇ ਅੱਗ ਲਗਾ ਲਈ। ਜਦੋਂ ਅੱਗ ਦੀਆਂ ਲਪਟਾਂ ਨੇ ਉਸ ਦੇ ਸਰੀਰ ਨੂੰ ਝੁਲਸਾਉਣਾ ਸ਼ੁਰੂ ਕੀਤਾ ਤਾਂ ਉਹ ਦਰਦ ਮਾਰੇ ਚੀਕਾਂ ਮਾਰਨ ਲੱਗ ਗਿਆ। ਉਸ ਦੀਆਂ ਚੀਕਾਂ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਮੌਕੇ ‘ਤੇ ਪੁੱਜੇ ਅਤੇ ਕਿਸੇ ਤਰ੍ਹਾਂ ਉਸ ਨੂੰ ਭੜਕਦੀ ਅੱਗ ‘ਚੋਂ ਬਾਹਰ ਕੱਢਿਆ। ਹਾਲਾਂਕਿ ਉਸ ਵੇਲੇ ਤਕ ਮਨੋਜ ਬੁਰੀ ਤਰ੍ਹਾਂ ਝੁਲਸ ਚੁੱਕਾ ਸੀ ਤੇ ਕੁਝ ਸਮੇਂ ਬਾਅਦ ਹੀ ਉਸ ਨੇ ਦਰਦ ਨਾਲ ਛਟਪਟਾਉਂਦੇ ਹੋਏ ਦਮ ਤੋੜ ਦਿੱਤਾ। ਆਲੇ-ਦੁਆਲੇ ਰਹਿਣ ਵਾਲੇ ਗੁਆਂਢੀਆਂ ਮੁਤਾਬਕ ਮਨੋਜ ਲੰਬੇ ਸਮੇਂ ਤੋਂ ਘਰ ਵਿਚ ਇਕੱਲਾ ਹੀ ਰਹਿੰਦਾ ਸੀ ਤੇ ਬਿਮਾਰੀ ਕਾਰਨ ਦਿਮਾਗੀ ਤੌਰ ‘ਤੇ ਪਰੇਸ਼ਾਨ ਸੀ। ਖਦਸ਼ਾ ਲਗਾਇਆ ਜਾ ਰਿਹਾ ਹੈ ਕਿ ਬੇਰੁਜ਼ਗਾਰੀ ਤੇ ਸੰਗੀਨ ਬਿਮਾਰੀ ਤੋਂ ਪਰੇਸ਼ਾਨ ਮਨੋਜ ਇਸ ਹਾਲਾਤ ‘ਚ ਹੋਰ ਜਿਊਣਾ ਨਹੀਂ ਚਾਹੁੰਦਾ ਸੀ। ਸ਼ੁਰੂਆਤੀ ਪੜਤਾਲ ਦੌਰਾਨ ਮੌਕੇ ਤੋਂ ਕੋਈ ਸੁਸਾਈਡ ਨੋਟ ਪ੍ਰਾਪਤ ਨਹੀਂ ਹੋਇਆ। ਉਧਰ ਥਾਣਾ ਹੈਬੋਵਾਲ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ।






