ਥੋੜੇ ਸਮੇਂ ‘ਚ ਤੀਜੀ ਵਾਰ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ‘ਚ ਚੋਰੀ ਦੀ ਘਟਨਾ ਵਾਪਰੀ ਹੈ ਪਰ ਇਸ ਵਾਰ ਚੋਰ ਨਸ਼ਾ ਛਡਵਾਉਣ ਵਾਲੀਆਂ ਗੋਲੀਆਂ ਚੋਰੀ ਨਹੀਂ ਕਰ ਸਕੇ। ਡਾ. ਇੰਦਰਜੀਤ ਸਿੰਘ ਦੀ ਸ਼ਿਕਾਇਤ ‘ਤੇ ਥਾਣਾ ਸਿਟੀ-2 ‘ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਚੋਰੀ ਦਾ ਕੇਸ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਚੋਰਾਂ ਨੇ ਓਐੱਸਟੀ ਸੈਂਟਰ ਦੇ ਡੇਟਾ ਮੈਨੇਜਰ ਤੇ ਸਟਾਫ਼ ਦੇ ਕਮਰੇ ਦਾ ਐਲੂਮੀਨੀਅਮ ਦਾ ਦਰਵਾਜ਼ਾ ਤੋੜਿਆ। ਉੱਥੇ ਲੱਗੇ ਸੀਸੀਟੀਵੀ ਵੀ ਤੋੜੇ ਗਏ। ਅਲਮਾਰੀ ‘ਚੋਂ ਨਸ਼ਾ ਛੁਡਾਊ ਗੋਲੀਆਂ ਨਾ ਮਿਲਣ ‘ਤੇ ਉਹ ਉਥੋਂ ਫ਼ਰਾਰ ਹੋ ਗਏ। ਜਿਕਰਯੋਗ ਹੈ ਕਿ 20 ਜਨਵਰੀ ਦੀ ਸਵੇਰ ਜਦੋਂ ਸਟਾਫ ਨਰਸ ਡਿਊਟੀ ‘ਤੇ ਆਈ ਤਾਂ ਉਸ ਨੇ ਦੇਖਿਆ ਓਐੱਸਟੀ ਸੈਂਟਰ ਦਾ ਤਾਲਾ ਟੁੱਟਿਆ ਹੋਇਆ ਸੀ। ਅਲਮਾਰੀ ਟੁੱਟੀ ਹੋਈ ਸੀ। ਇੱਥੋਂ ਬੀਪੀਐੱਨ ਟੈਬਲੇਟ 218 ਸਮੇਤ 18120 ਰੁਪਏ ਚੋਰੀ ਹੋ ਗਏ। ਕੁਝ ਮਹੀਨੇ ਪਹਿਲਾਂ ਵੀ ਵੱਡੀ ਗਿਣਤੀ ‘ਚ ਨਸ਼ਾ ਛੁਡਾਊ ਗੋਲੀਆਂ ਚੋਰੀ ਹੋ ਗਈਆਂ ਸਨ। ਪੁਲਿਸ ਅਨੁਸਾਰ ਸੀਸੀਟੀਵੀ ਫੁਟੇਜ ਰਾਹੀਂ ਚੋਰਾਂ ਦਾ ਪਤਾ ਲਾਇਆ ਜਾ ਰਿਹਾ ਹੈ।






