ਜ਼ੀਰਕਪੁਰ ਦੇ ਲੋਹਗੜ ਸਥਿਤ ਸੇਵਾ ਕੇਂਦਰ ‘ਚ ਖੇਤਰ ਦੇ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਉਨ੍ਹਾਂ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ। ਇਸ ਸੇਵਾ ਕੇਂਦਰ ‘ਚ ਪੰਜਾਬ ਸਰਕਾਰ ਵਲੋਂ ਬੱਚਿਆਂ ਦੇ ਮੁਫਤ ਬਣਾਏ ਜਾਂਦੇ ਅਧਾਰ ਕਾਰਡ ਦੇ 200 ਰੁਪਏ ਵਸੂਲ ਕੀਤੇ ਜਾ ਰਹੇ ਹਨ। ਇਸ ਪੈਸੇ ਦੀ ਵਸੂਲੀ ਲੋਹਗੜ ਸੇਵਾ ਕੇਂਦਰ ਵਿਖੇ ਤਾਇਨਾਤ ਕੰਪਿਊਟਰ ਆਪਰੇਟਰਾਂ ਵੱਲੋਂ ਬਾਹਰ ਰੱਖੇ ਏਜੰਟਾ ਰਾਹੀਂ ਵਸੂਲ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਸੇਵਾ ਕੇਂਦਰ ‘ਚ ਇਸ ਤਰ੍ਹਾਂ ਦੀ ਵਸੂਲੀ ਦੀਆਂ ਪਹਿਲਾਂ ਵੀ ਕਈ ਸ਼ਿਕਾਇਤਾਂ ਮਿਲ ਰਹੀਆਂ ਸਨ ਪ੍ਰੰਤੂ ਅੱਜ ਘੋਲੂ ਮਾਜਰਾ ਤੋਂ ਆਪਣੇ ਛੇ ਮਹੀਨੇ ਦੇ ਬੱਚੇ ਦਾ ਆਧਾਰ ਕਾਰਡ ਬਣਵਾਉਣ ਆਏ ਇਕ ਵਿਅਕਤੀ ਤੋਂ ਏਜੰਟ ਰਾਹੀਂ 200 ਰੁਪਏ ਵਸੂਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਰਕੇਸ਼ ਵਰਮਾ ਨੇ ਦੱਸਿਆ ਕਿ ਜਦੋਂ ਉਸਨੇ ਵਰੁਣ ਵਰਮਾ ਨਾਮਕ ਵਿਅਕਤੀ ਨਾਲ ਗੱਲ ਕੀਤੀ ਤਾਂ ਉਸ ਨੇ ਬੱਚੇ ਦਾ ਅਧਾਰ ਕਾਰਡ ਬਣਵਾਉਣ ਲਈ 200 ਰੁਪਏ ਦੀ ਮੰਗ ਕੀਤੀ। ਉਸ ਨੇ ਬੱਚਾ ਦਾ ਅਧਾਰ ਕਾਰਡ ਮੁਫ਼ਤ ਬਣਦੇ ਹੋਣ ਦੀ ਦੁਹਾਈ ਦਿੱਤੀ ਪਰ ਓਹ ਨਹੀਂ ਮੰਨਿਆ ਜਿਸ ਤੋਂ ਬਾਅਦ 200 ਰੁਪਏ ਗੂਗਲ-ਪੇ ਕਰ ਦਿੱਤੇ।
ਰਕੇਸ਼ ਵਰਮਾ ਨੇ ਦੋਸ਼ ਲਗਾਇਆ ਕਿ ਵਰੁਣ ਵਰਮਾ ਦੇ ਖਾਤੇ ‘ਚ 200 ਰੁਪਏ ਟ੍ਰਾਂਸਫਰ ਕਰਨ ‘ਤੇ ਤੁਰੰਤ ਬਾਅਦ ਕੰਪਿਊਟਰ ਆਪ੍ਰੇਟਰ ਮੁਕੇਸ਼ ਕੁਮਾਰ ਨੇ ਵਰੁਣ ਵਰਮਾ ਨਾਲ ਗੱਲ ਕਰ ਕੇ ਉਸ ਦੇ ਬੱਚੇ ਦਾ ਅਧਾਰ ਕਾਰਡ ਬਣਾਉਣ ਲਈ ਸਾਰੀਆਂ ਚਾਰਾਜੋਈਆਂ ਪੂਰੀਆਂ ਕਰ ਦਿੱਤੀਆਂ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਲੋਹਗੜ੍ਹ ਦੇ ਸੇਵਾ ਕੇਂਦਰ ‘ਚ ਰਿਸ਼ਵਤ ਦਾ ਗੋਰਖਧੰਦਾ ਸ਼ਰੇਆਮ ਚੱਲ ਰਿਹਾ ਹੈ। ਉਸ ਨੇ ਦੱਸਿਆ ਕਿ ਇਕ ਪਾਸੇ ਤਾਂ ਸਰਕਾਰ ਸੂਬੇ ਦੇ ਲੋਕਾਂ ਨੂੰ ਸਾਰੀਆਂ ਮੁਢਲੀਆਂ ਸਹੂਲਤਾਂਵਾਂ ਦੇਣ ਲਈ ਸੇਵਾ ਕੇਂਦਰ ਖੋਲ੍ਹਣ ਤੋਂ ਇਲਾਵਾ ਪਿੰਡ-ਪਿੰਡ ਤੇ ਨਗਰ ਕੌਂਸਲਾਂ ਦੇ ਹਰ ਵਾਰਡ ਵਿੱਚ ਸੁਵਿਧਾ ਕੈਂਪ ਲਗਾ ਰਹੀ ਹੈ, ਦੂਜੇ ਪਾਸੇ ਮੁਕੇਸ਼ ਕੁਮਾਰ ਵਰਗੇ ਕੰਪਿਊਟਰ ਆਪਰੇਟਰ ਸਰਕਾਰ ਦੀ ਇਸ ਪਾਲਸੀ ਨੂੰ ਢਾਹ ਲਗਾ ਕੇ ਸਰਕਾਰ ਦਾ ਅਕਸ ਖਰਾਬ ਕਰ ਰਹੇ ਹਨ।
ਉਸ ਨੇ ਮੰਗ ਕੀਤੀ ਕਿ ਮੁਕੇਸ਼ ਕੁਮਾਰ ਵਰਗੇ ਭਰਿਸ਼ਟ ਕੰਪਿਊਟਰ ਆਪਰੇਟਰਾਂ ਨੂੰ ਬਦਲ ਕੇ ਇਨ੍ਹਾਂ ਦੀ ਥਾਂ ਤੇ ਇਮਾਨਦਾਰ ਅਧਿਕਾਰੀ ਨਿਯੁਕਤ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਸਾਰੀਆਂ ਸਹੂਲਤਾਂ ਬਿਨਾਂ ਰਿਸ਼ਵਤ ਦਿੱਤੇ ਮਿਲ ਸਕਣ ਅਤੇ ਸਰਕਾਰ ਦਾ ਅਕਸ ਖਰਾਬ ਹੋਣ ਤੋਂ ਬਚਾਇਆ ਜਾ ਸਕੇ। ਇਸ ਸਬੰਧੀ ਕੰਪਿਊਟਰ ਆਪਰੇਟਰ ਮੁਕੇਸ਼ ਕੁਮਾਰ ਨੇ ਮੰਨਿਆ ਕਿ ਉਸਨੇ ਦਿਵੇਸ਼ ਵਰਮਾ ਦਾ ਅਧਾਰ ਕਾਰਡ ਬਣਾਉਣ ਲਈ ਵਰੁਣ ਵਰਮਾ ਨਾਲ ਗੱਲ ਜਰੂਰ ਕੀਤੀ ਸੀ ਪ੍ਰੰਤੂ ਉਸ ਨੂੰ ਵਰੁਣ ਵਰਮਾ ਵੱਲੋਂ ਦਿਵੇਸ਼ ਦਾ ਆਧਾਰ ਕਾਰਡ ਬਣਾਉਣ ਲਈ 200 ਰੁਪਏ ਵਸੂਲ ਕੀਤੇ ਜਾਣ ਦੀ ਕੋਈ ਜਾਣਕਾਰੀ ਨਹੀਂ ਹੈ।
ਜਦੋਂ ਇਸ ਸਬੰਧੀ ਲੋਹਗੜ ਸੇਵਾ ਕੇਂਦਰ ਦੀ ਇੰਚਾਰਜ ਭਪਿੰਦਰ ਕੌਰ ਨਾਲ ਗੱਲ ਕਰਨ ‘ਤੇ ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਵਾ ਕੇ ਬਣਦੀ ਰਿਪੋਰਟ ਆਪਣੇ ਉੱਚ ਅਧਿਕਾਰੀਆਂ ਨੂੰ ਭੇਜ ਦੇਣਗੇ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਵਾਰ-ਵਾਰ ਸੰਪਰਕ ਕਰਨ ‘ਤੇ ਸਮੂਹ ਸੇਵਾ ਕੇਂਦਰਾਂ ਦੇ ਇੰਚਾਰਜ ਸੂਰਜ ਭੰਡਾਰੀ ਨਾਲ ਸੰਪਰਕ ਕਰਨ ਤੇ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਸਨੀਕਾਂ ਨੂੰ ਸਰਕਾਰੀ ਸਹੂਲਤਾਂ ਦੇਣ ਦੇ ਮਕਸਦ ਨਾਲ ਸੇਵਾ ਕੇਂਦਰ ਖੋਲ੍ਹੇ ਗਏ ਹਨ। ਜੇਕਰ ਲੋਹਗੜ ਸਥਿਤ ਸੇਵਾ ਕੇਂਦਰ ਵਿਖੇ ਲੋਕਾਂ ਨੂੰ ਮੁਫਤ ਸੇਵਾ ਦੇ ਕੇ ਬਣਾਏ ਜਾਣ ਵਾਲੇ ਆਧਾਰ ਕਾਰਡ ਲਈ 200 ਰੁਪਏ ਵਸੂਲ ਕੀਤੇ ਗਏ ਹਨ ਤਾਂ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਜਿਸ ਦੀ ਬਰੀਕੀ ਨਾਲ ਜਾਂਚ ਕਰਵਾਈ ਜਾਵੇਗੀ। ਇਹ ਮਾਮਲਾ ਜ਼ਿਲ੍ਹਾ ਪੱਧਰ ‘ਤੇ ਬਣੀ ਈ- ਸੇਵਾ ਅਥਾਰਟੀ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਸਬੰਧਤ ਕੰਪਿਊਟਰ ਆਪਰੇਟਰ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।






