ਥਾਣਾ ਸੁਲਤਾਨਵਿੰਡ ਅਧੀਨ ਪੈਂਦੇ ਉਦੈਪੁਰ ਦੇ ਫਲਾਈਓਵਰ ’ਤੇ ਇਕ ਤੇਜ਼ ਰਫਤਾਰ ਟਰੱਕ ਨੇ ਐਕਟਿਵਾ ਸਵਾਰ ਪਤੀ-ਪਤਨੀ ਨੂੰ ਕੁਚਲ ਦਿੱਤਾ। ਇਸ ਦੌਰਾਨ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮ੍ਰਿਤਕ ਦੇ ਭਰਾ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਅਤੇ ਭਾਬੀ ਮੰਗਲਵਾਰ ਸ਼ਾਮ ਨੂੰ ਆਪਣੀ ਐਕਟਿਵਾ ’ਤੇ ਗੁਰਦੁਆਰਾ ਕਰਤਾਰਪੁਰ ਮੱਥਾ ਟੇਕ ਕੇ ਘਰ ਪਰਤ ਰਹੇ ਸਨ। ਇਸ ਦੌਰਾਨ ਜਦੋਂ ਉਹ ਦਬੁਰਜੀ ਫਲਾਈਓਵਰ ਕੋਲ ਪੁੱਜੇ ਤਾਂ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜਮ ਟਰੱਕ ਡਰਾਈਵਰ ਮੌਕੇ ਤੋਂ ਭੱਜਣ ਹੀ ਵਾਲਾ ਸੀ ਕਿ ਉਥੇ ਇਕੱਠੇ ਹੋਏ ਲੋਕਾਂ ਨੇ ਉਸ ਨੂੰ ਦਬੋਚ ਲਿਆ। ਮੁਲਜ਼ਮ ਕੋਲ ਨਾ ਤਾਂ ਕੋਈ ਡਰਾਈਵਿੰਗ ਲਾਇਸੈਂਸ ਸੀ ਅਤੇ ਨਾ ਹੀ ਕੋਈ ਦਸਤਾਵੇਜ਼। ਉਸ ਨੇ ਮੰਗ ਕੀਤੀ ਹੈ ਕਿ ਮੁਲਜ਼ਮ ਟਰੱਕ ਡਰਾਈਵਰ ਦੇ ਮਾਲਕ ਨੂੰ ਵੀ ਇਸ ਮਾਮਲੇ ਵਿਚ ਨਾਮਜ਼ਦ ਕੀਤਾ ਜਾਵੇ, ਕਿਉਂਕਿ ਉਸ ਨੇ ਟਰੱਕ ਇਕ ਅਜਿਹੇ ਵਿਅਕਤੀ ਨੂੰ ਦਿੱਤਾ ਸੀ, ਜਿਸ ਕੋਲ ਕੋਈ ਦਸਤਾਵੇਜ਼ ਨਹੀਂ ਹਨ। ਏਐਸਆਈ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।






