ਕਸ਼ਮੀਰ ਵਿਚ 40 ਦਿਨਾਂ ਦੀ ਅਤਿਅੰਤ ਸਰਦੀ ਦਾ ਦੌਰ ਖਤਮ ਹੋ ਗਿਆ ਹੈ। ਇਨ੍ਹਾਂ ਚਾਲੀ ਦਿਨਾਂ ਦੀ ਠੰਢ ਨੂੰ ਚਿਲਾਈ ਕਲਾਂ ਕਿਹਾ ਜਾਂਦਾ ਹੈ ਜੋ ਖਤਮ ਹੋ ਗਿਆ ਹੈ। ਇਸ ਦੌਰਾਨ ਕਸ਼ਮੀਰ ਵਾਦੀ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਰਾਤ ਦਾ ਤਾਪਮਾਨ ਵਧ ਗਿਆ ਹੈ।
ਦੂਜੇ ਪਾਸੇ ਸ੍ਰੀਨਗਰ ਸਣੇ ਕਈ ਇਲਾਕਿਆਂ ਵਿੱਚ ਪਾਰਾ ਜਮਾਅ ਦਰਜੇ ਤੋਂ ਉੱਪਰ ਰਿਹਾ।
ਮੌਸਮ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਸ੍ਰੀਨਗਰ ਸ਼ਹਿਰ ਵਿੱਚ ਘੱਟੋ-ਘੱਟ ਤਾਪਮਾਨ 1.3 ਡਿਗਰੀ ਸੈਲਸੀਅਸ ਰਿਹਾ, ਜੋ ਪਿਛਲੀ ਰਾਤ ਦੇ ਮਨਫੀ ਦਰਜੇ ਤੋਂ 0.6 ਡਿਗਰੀ ਵੱਧ ਸੀ। ਇਸ ਸਮੇਂ ਦੌਰਾਨ ਕੋਨੀਬਲ (1.0 ਡਿਗਰੀ ਸੈਲਸੀਅਸ), ਪੁਲਵਾਮਾ (0.1) ਅਤੇ ਕੁਲਗਾਮ (1.1) ਸਮੇਤ ਹੋਰ ਖੇਤਰਾਂ ਵਿੱਚ ਵੀ ਰਾਤ ਦਾ ਤਾਪਮਾਨ ਜਮਾਅ ਦਰਜੇ ਤੋਂ ਉੱਪਰ ਰਿਹਾ।
ਗੰਦਰਬਲ ਜ਼ਿਲ੍ਹੇ ਦਾ ਸੋਨਮਰਗ ਜੰਮੂ ਅਤੇ ਕਸ਼ਮੀਰ ਵਿੱਚ ਸਭ ਤੋਂ ਠੰਡਾ ਸਥਾਨ ਸੀ ਜਿੱਥੇ ਤਾਪਮਾਨ ਮਨਫੀ 10.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਬਾਰਾਮੂਲਾ ਜ਼ਿਲੇ ਦੇ ਗੁਲਮਰਗ ਦੇ ਸਕੀ ਰਿਜ਼ੋਰਟ ਵਿਚ ਘੱਟੋ-ਘੱਟ ਤਾਪਮਾਨ ਮਨਫੀ ਨੌਂ ਡਿਗਰੀ ਦਰਜ ਕੀਤਾ ਗਿਆ, ਜਦਕਿ ਦੱਖਣੀ ਕਸ਼ਮੀਰ ਦੇ ਪਹਿਲਗਾਮ ‘ਚ ਤਾਪਮਾਨ ਮਨਫੀ 5.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਕਾਜੀਗੁੰਡ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 0.3 ਡਿਗਰੀ ਦਰਜ ਕੀਤਾ ਗਿਆ। ਕੋਕਰਨਾਗ ਅਤੇ ਕੁਪਵਾੜਾ ਵਿੱਚ ਕ੍ਰਮਵਾਰ ਘੱਟ ਤੋਂ ਘੱਟ ਤਾਪਮਾਨ ਮਨਫੀ 0.6 ਡਿਗਰੀ ਅਤੇ ਮਨਫੀ 3.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। -ਪੀ.ਟੀ.ਆਈ







