ਉਤਰਾਖੰਡ ਦੇ ਦੇਹਰਾਦੂਨ ਜ਼ਿਲ੍ਹੇ ਦੇ ਕਲਸੀ ਖੇਤਰ ਵਿੱਚ ਇੱਕ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ ਜਿਸ ਕਾਰਨ ਤਿੰਨ ਜਣੇ ਹਲਾਕ ਹੋ ਗਏ ਤੇ ਦਰਜਨ ਦੇ ਕਰੀਬ ਯਾਤਰੀ ਜ਼ਖਮੀ ਹੋ ਗਏ।
ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸ.ਡੀ.ਆਰ.ਐਫ.) ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਹਾਦਸਾ ਮੀਨਾਕ ਰੋਡ ’ਤੇ ਕੁਆਨੂ ਨੇੜੇ ਵਾਪਰਿਆ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਬੱਸ ਹਿਮਾਚਲ ਰੋਡਵੇਜ਼ ਦੀ ਸੀ ਅਤੇ ਹਾਦਸੇ ਵੇਲੇ ਇਸ ਵਿੱਚ 30 ਤੋਂ ਵੱਧ ਯਾਤਰੀ ਸਵਾਰ ਸਨ ਜਿਨ੍ਹਾਂ ਵਿੱਚੋਂ ਕਈ ਜ਼ਖਮੀ ਹੋ ਗਏ। ਇਹ ਬੱਸ ਸਵੇਰੇ ਹਿਮਾਚਲ ਪ੍ਰਦੇਸ਼ ਦੇ ਨੇਰਵਾ-ਚੌਪਾਲ ਤੋਂ ਪਾਉਂਟਾ ਸਾਹਿਬ ਜਾ ਰਹੀ ਸੀ ਕਿ ਸੰਤੁਲਨ ਵਿਗੜਨ ਕਾਰਨ ਡੂੰਘੀ ਖੱਡ ਵਿਚ ਡਿੱਗ ਗਈ।
ਹਾਦਸੇ ਤੋਂ ਬਾਅਦ ਪਿੰਡ ਵਾਸੀਆਂ ਨੇ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਅਤੇ ਬਚਾਅ ਟੀਮਾਂ ਤੁਰੰਤ ਮੌਕੇ ’ਤੇ ਪਹੁੰਚੀਆਂ ਅਤੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਜ਼ਖਮੀਆਂ ਨੂੰ ਬਚਾਅ ਲਿਆ ਗਿਆ ਅਤੇ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।







