Punjab News: ਇੱਥੋਂ ਦੇ ਪਿੰਡ ਭੰਮੇ ਖੁਰਦ ਦੇ ਵਾਟਰ ਵਰਕਸ ਦੀ ਪਾਣੀ ਵਾਲੀ ਟੈਂਕੀ ਵਿੱਚ ਆਪਣੇ ਦੋ ਬੱਚਿਆਂ ਨੂੰ ਧੱਕਾ ਮਾਰਨ ਤੋਂ ਬਾਅਦ ਖ਼ੁਦ ਛਾਲ ਮਾਰਕੇ ਇੱਕ ਮਹਿਲਾ ਨੇ ਖੁਦਕੁਸ਼ੀ ਕਰ ਲਈ ਹੈ। ਹਾਲਾਂਕਿ ਖੁਦਕੁਸ਼ੀ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ।
ਜਾਣਕਾਰੀ ਅਨੁਸਾਰ ਪਿੰਡ ਭੰਮੇ ਖੁਰਦ ਵਿਖੇ ਸੋਮਵਾਰ ਦੀ ਬਾਅਦ ਦੁਪਹਿਰ ਪਰਵਾਸੀ ਮਹਿਲਾ ਸੰਤਰਾ ਦੇਵੀ (37) ਪਤਨੀ ਦਲੀਪ ਕੁਮਾਰ ਆਪਣੇ 3 ਬੱਚਿਆਂ (ਸੁਨੀਲ (9), ਅਜੈ (7) ਅਤੇ ਇੱਕ ਹੋਰ) ਨੂੰ ਲੈਕੇ ਵਾਟਰ ਵਰਕਸ ਦੀ ਪਾਣੀ ਵਾਲੀ ਟੈਂਕੀ ਕੋਲ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਸੰਤਰਾ ਦੇਵੀ ਨੇ ਆਪਣੀ ਲੜਕੀ ਸੁਨੀਲ ਅਤੇ ਪੁੱਤਰ ਅਜੈ ਨੂੰ ਟੈਂਕੀ ਵਿੱਚ ਧੱਕਾ ਮਾਰਿਆ, ਜਦੋਂ ਤੀਜੇ ਪੁੱਤਰ ਦੀ ਬਾਂਹ ਫੜ੍ਹਕੇ ਉਸ ਨੂੰ ਟੈਂਕੀ ਵਿੱਚ ਸੁੱਟਣ ਲੱਗੀ ਤਾਂ ਆਪਣੀ ਮਾਂ ਤੋਂ ਬਾਂਹ ਛੁਡਵਾਕੇ ਉਥੋਂ ਭੱਜ ਨਿਕਲਿਆ।
ਤੀਜੇ ਭੱਜੇ ਨੇ ਭੱਜ ਕੇ ਜਾਨ ਬਚਾਉਣ ਤੋਂ ਬਾਅਦ ਪਰਿਵਾਰ ਕੋਲ ਜਾ ਕੇ ਘਟਨਾ ਬਾਰੇ ਦੱਸਿਆ ਜਿਸ ਉਪਰੰਤ ਪਰਿਵਾਰ ਤੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਪਾਣੀ ਵਾਲੀ ਟੈਂਕੀ ਵਿਚੋਂ ਬਾਹਰ ਕੱਢਿਆ ਤਾਂ ਸੰਤਰਾ ਦੇਵੀ ਅਤੇ ਉਸ ਦੇ ਦੋਨੋਂ ਬੱਚਿਆਂ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਾਨਸਾ ਵਿਖੇ ਭੇਜਿਆ ਗਿਆ।
ਮੌਕੇ ’ਤੇ ਥਾਣਾ ਝੁਨੀਰ ਦੀ ਪੁਲੀਸ ਟੀਮ ਪੁੱਜੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਬੱਚਿਆਂ ਸਮੇਤ ਪਰਵਾਸੀ ਮਹਿਲਾ ਵੱਲੋਂ ਖੁਦਕੁਸ਼ੀ ਕਰਨ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਪਰਵਾਸੀ ਮਜ਼ਦੂਰ ਪਰਿਵਾਰ ਰਾਜਸਥਾਨ ਤੋਂ ਆਕੇ ਭੰਮੇ ਖੁਰਦ ਵਿਖੇ ਗਊਆਂ ਦੇ ਰਾਖੇ ਵਜੋਂ ਕੰਮ-ਧੰਦਾ ਕਰਦਾ ਹੈ।
ਥਾਣਾ ਝੁਨੀਰ ਦੇ ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਪਾਣੀ ਵਿੱਚ ਡੁੱਬਣ ਨਾਲ ਇੱਕ ਮਹਿਲਾ ਅਤੇ ਉਸ ਦੇ ਦੋ ਬੱਚਿਆਂ ਦੀ ਮੌਤ ਹੋਈ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਗੰਭੀਰਤਾ ਨਾਲ ਪਰਿਵਾਰਕ ਮੈਂਬਰ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ।






