ਫ਼ਰੀਦਕੋਟ ਵਿੱਚ ਅੱਜ ਦੋ ਹਫ਼ਤਿਆਂ ਦੇ ਅੰਦਰ-ਅੰਦਰ ਨਿਆਂਇਕ ਅਧਿਕਾਰੀ ਦੀ ਰਿਹਾਇਸ਼ ‘ਤੇ ਸੁਰੱਖਿਆ ਵਿੱਚ ਦੂਜੀ ਵਾਰ ਸੰਨ੍ਹ ਲੱਗੀ ਹੈ। ਸਰਕਾਰੀ ਰਿਹਾਇਸ਼ੀ ਕੰਪਲੈਕਸ ਵਿੱਚ ਨਿਆਂਇਕ ਅਧਿਕਾਰੀਆਂ ਲਈ ਰਾਖਵੇਂ ਇੱਕ ਖਾਲੀ ਸਰਕਾਰੀ ਬੰਗਲੇ ਵਿੱਚ ਚੋਰ ਦਾਖਲ ਹੋਏ ਅਤੇ ਇਲੈਕਟ੍ਰਾਨਿਕ ਵਸਤੂਆਂ ਤੇ ਹੋਰ ਸਮਾਨ ਲੈ ਕੇ ਫ਼ਰਾਰ ਹੋ ਗਏ।
ਇਹ ਚੋਰੀ ਉਦੋਂ ਸਾਹਮਣੇ ਆਈ ਜਦੋਂ ਇੱਕ ਸਫ਼ਾਈ ਕਰਮਚਾਰੀ ਖ਼ਾਲੀ ਘਰ ਦੀ ਸਫ਼ਾਈ ਕਰਨ ਲਈ ਪਹੁੰਚਿਆ ਅਤੇ ਉਸ ਨੇ ਘਰ ਅੰਦਰ ਸਮਾਨ ਖਿਲਰਿਆ ਹੋਇਆ ਦੇਖਿਆ। ਜ਼ਿਲ੍ਹਾ ਅਤੇ ਸੈਸ਼ਨ ਜੱਜ ਦੇ ਦਫ਼ਤਰ ਵੱਲੋਂ ਸਿਟੀ ਪੁਲੀਸ ਸਟੇਸ਼ਨ ਵਿੱਚ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ, ਚੋਰੀ ਹੋਈਆਂ ਵਸਤੂਆਂ ਵਿੱਚ ਤਿੰਨ ਏਅਰ ਕੰਡੀਸ਼ਨਰ (ਇੱਕ ਇਨਡੋਰ ਅਤੇ ਦੋ ਆਊਟਡੋਰ ਯੂਨਿਟ), ਸੱਤ ਛੱਤ ਵਾਲੇ ਪੱਖੇ, ਇੱਕ ਟੇਬਲ ਪੱਖਾ, ਇੱਕ ਪਾਣੀ ਵਾਲਾ ਪੰਪ, ਬਲਬ, ਟਿਊਬ ਲਾਈਟਾਂ, ਟੂਟੀਆਂ, ਬਾਥਰੂਮ ਪਾਈਪ, ਅਲਮਾਰੀਆਂ ਦੇ ਦਰਵਾਜ਼ੇ ਅਤੇ ਖਿੜਕੀਆਂ ਸ਼ਾਮਲ ਹਨ।
ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਸਿਟੀ ਪੁਲੀਸ ਸਟੇਸ਼ਨ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏ ਐੱਸ ਆਈ ਇਕਬਾਲ ਚੰਦ ਨੇ ਕਿਹਾ ਕਿ ਪੁਲੀਸ ਸ਼ੱਕੀਆਂ ਦਾ ਪਤਾ ਲਗਾਉਣ ਲਈ ਆਸ-ਪਾਸ ਦੇ ਇਲਾਕੇ ਦੀ ਸੀ ਸੀ ਟੀ ਵੀ ਫੁਟੇਜ ਖੰਗਾਲ ਰਹੀ ਹੈ।
ਇਹ ਤਾਜ਼ਾ ਘਟਨਾ 20 ਅਗਸਤ ਨੂੰ ਫਰੀਦਕੋਟ ਵਿੱਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੇ ਘਰ ਵਿੱਚ ਇੱਕ ਵਿਅਕਤੀ ਵੱਲੋਂ ਦਾਖਲ ਹੋਣ ਦੀ ਕੋਸ਼ਿਸ਼ ਤੋਂ ਤੁਰੰਤ ਬਾਅਦ ਸਾਹਮਣੇ ਆਈ ਹੈ। ਉਸ ਸਮੇਂ, ਧੂਰਕੋਟ ਪਿੰਡ ਦੇ ਵਸਨੀਕ ਪਰਮਜੀਤ ਸਿੰਘ ਉਰਫ਼ ਪੰਮਾ (25) ਨੂੰ ਚੋਰੀ ਦੇ ਇਰਾਦੇ ਨਾਲ ਕੰਧ ਟੱਪਣ ਦੀ ਕੋਸ਼ਿਸ਼ ਕਰਦੇ ਹੋਏ ਰੰਗੇ ਹੱਥੀਂ ਫੜ ਲਿਆ ਗਿਆ ਸੀ। ਉਸ ਨੂੰ ਅੰਦਰ ਦਾਖਲ ਹੋਣ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਪੁਲੀਸ ਨੇ ਉਸ ਵਿਰੁੱਧ ਚੋਰੀ ਦੀ ਕੋਸ਼ਿਸ਼ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਉਸ ਨੂੰ 21 ਅਗਸਤ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ ਅਤੇ ਫ਼ਰੀਦਕੋਟ ਦੀ ਸੈਂਟਰਲ ਮਾਡਰਨ ਜੇਲ੍ਹ ਦੇ ਬਲਾਕ ਨੰਬਰ 10 ਦੀ ਬੈਰਕ ਨੰਬਰ 3 ਵਿੱਚ ਹੋਰ ਹਵਾਲਾਤੀਆਂ ਨਾਲ ਬੰਦ ਕੀਤਾ ਗਿਆ ਸੀ।
ਦੋ ਦਿਨ ਬਾਅਦ, 22 ਅਗਸਤ ਨੂੰ, ਜੇਲ੍ਹ ਅਧਿਕਾਰੀਆਂ ਨੇ ਉਸ ਨੂੰ ਬੈਰਕ ਦੇ ਬਾਥਰੂਮ ਵਿੱਚ ਬੇਹੋਸ਼ ਪਾਇਆ। ਇੱਕ ਸਾਥੀ ਵਾਰਡਨ ਨੇ ਗਸ਼ਤ ਡਿਊਟੀ ‘ਤੇ ਮੌਜੂਦ ਅਧਿਕਾਰੀਆਂ ਨੂੰ ਸੁਚੇਤ ਕੀਤਾ। ਹੋਰ ਕੈਦੀਆਂ ਦੀ ਮਦਦ ਨਾਲ, ਉਸ ਨੂੰ ਹੇਠਾਂ ਲਿਆਂਦਾ ਗਿਆ ਅਤੇ ਸੀ ਪੀ ਆਰ ਦਿੱਤੀ ਗਈ, ਜਿਸ ਤੋਂ ਬਾਅਦ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ, ਉੱਥੇ ਪਹੁੰਚਣ ‘ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸ਼ਹਿਰ ਦੀ ਪੁਲੀਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਇੱਕ ਨਿਆਂਇਕ ਮੈਜਿਸਟ੍ਰੇਟ ਦੀ ਨਿਗਰਾਨੀ ਹੇਠ ਪੋਸਟਮਾਰਟਮ ਕੀਤਾ ਗਿਆ।






