ਦੱਖਣੀ ਪੱਛਮੀ ਦਿੱਲੀ ਦੇ ਸਤਿਆ ਨਿਕੇਤਨ ਦੀ ਇਮਾਰਤ ਡਿੱਗਣ ਦੀ ਘਟਨਾ ਤੋਂ ਬਾਅਦ ਪੁਲੀਸ ਨੇ ਇਸ ਦੇ ਮਾਲਕ ਨੂੰ ਰਾਜਸਥਾਨ ਦੇ ਭਿਵਾੜੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇੱਕ ਅਧਿਕਾਰੀ ਨੇ ਸੋਮਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਇਹ ਇਮਾਰਤ ਐਤਵਾਰ ਦੁਪਹਿਰ ਕਰੀਬ 1:30 ਵਜੇ ਮੁਰੰਮਤ ਦੇ ਕੰਮ ਦੌਰਾਨ ਡਿੱਗ ਗਈ ਸੀ। ਇਸ ਵਿੱਚ ਮੁੰਡਿਆਂ ਦਾ ‘ਪੇਇੰਗ ਗੈਸਟ’ (ਪੀ.ਜੀ.) ਆਵਾਸ ਸੀ। ਇਸ ਹਾਦਸੇ ਵਿੱਚ ਹੁਣ ਤੱਕ ਮਲਬੇ ਵਿੱਚੋਂ 12 ਲੋਕਾਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ, ਜਿਨ੍ਹਾਂ ਵਿੱਚੋਂ 7 ਦੀ ਮੌਤ ਹੋ ਚੁੱਕੀ ਹੈ।
ਦਿੱਲੀ ਪੁਲੀਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਮਾਰਤ ਦੇ ਮਾਲਕ ਹਰੀ ਰਾਮ ਗੁਪਤਾ ਨੂੰ ਰਾਜਸਥਾਨ ਦੇ ਭਿਵਾੜੀ ਤੋਂ ਫੜ ਲਿਆ ਗਿਆ ਹੈ ਅਤੇ ਉਸ ਤੋਂ ਅੱਗੇ ਦੀ ਪੁੱਛਗਿੱਛ ਵੀ ਜਾਰੀ ਹੈ।
ਦਿੱਲੀ ਦੇ ਸਤਿਆ ਨਿਕੇਤਨ ਵਿੱਚ ਐਤਵਾਰ ਦੁਪਹਿਰ ਨੂੰ ਇੱਕ ਬਹੁ-ਮੰਜ਼ਲਾ ਇਮਾਰਤ ਦੇ ਢਹਿ-ਢੇਰੀ ਹੋਣ ਦਾ ਖੌਫ਼ਨਾਕ ਪਲ ਇੱਕ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ, ਜਿਸ ਕਾਰਨ ਵਿਅਸਤ ਇਲਾਕੇ ਵਿੱਚ ਧੂੜ ਦਾ ਭਾਰੀ ਗੁਬਾਰ ਛਾ ਗਿਆ ਅਤੇ ਕਈ ਲੋਕ ਮਲਬੇ ਹੇਠਾਂ ਫੱਸ ਗਏ।
ਲਗਪਗ 1:15 ਵਜੇ ਰਿਕਾਰਡ ਕੀਤੀ ਗਈ ਇਸ ਫੁਟੇਜ ਵਿੱਚ ਦਿਖਾਈ ਦਿੱਤਾ ਹੈ ਕਿ ਇੱਕ ਰੇਹੜੀ ਵਾਲਾ ਆਪਣੀ ਰਹੇੜੀ ਕੋਲ ਬੈਠਾ ਹੈ ਜਦੋਂ ਉਹ ਅਚਾਨਕ ਉੱਪਰ ਵੱਲ ਦੇਖਦਾ ਹੈ, ਖੜ੍ਹਾ ਹੁੰਦਾ ਹੈ ਅਤੇ ਸੁਰੱਖਿਆ ਲਈ ਭੱਜਦਾ ਹੈ। ਕੁਝ ਸਕਿੰਟਾਂ ਵਿੱਚ ਹੀ ਇਮਾਰਤ ਡਿੱਗ ਜਾਂਦੀ ਹੈ ਅਤੇ ਕੈਮਰੇ ਦਾ ਫ੍ਰੇਮ ਧੂੜ ਅਤੇ ਮਲਬੇ ਨਾਲ ਭਰ ਜਾਂਦਾ ਹੈ।
ਦਿੱਲੀ ਦੇ ਸੱਤਿਆ ਨਿਕੇਤਨ ’ਚ ਇੱਕ ਬਹੁ-ਮੰਜ਼ਿਲਾ ਇਮਾਰਤ ਡਿੱਗਣ ਕਾਰਨ ਘੱਟੋ-ਘੱਟ 7 ਲੋਕਾਂ ਦੀ ਜਾਨ ਜਾਣ ਤੋਂ ਬਾਅਦ ਦਿੱਲੀ ਨਗਰ ਨਿਗਮ (MCD) ਨੇ ਸੋਮਵਾਰ ਨੂੰ ਵੱਡੀ ਕਾਰਵਾਈ ਕੀਤੀ ਹੈ। ਨਿਗਮ ਨੇ ਇਸ ਹਾਦਸੇ ਦੇ ਸਬੰਧ ਵਿੱਚ ਆਪਣੇ ਸਾਊਥ ਜ਼ੋਨ ਦੇ ਪੰਜ ਸੀਨੀਅਰ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।ਅਨੁਸ਼ਾਸਨੀ ਕਾਰਵਾਈ ਅਧੀਨ ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿੱਚ ਸਾਊਥ ਜ਼ੋਨ ਦੇ ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ, ਸੁਪਰਡੈਂਟ ਇੰਜੀਨੀਅਰ, ਐਗਜ਼ੀਕਿਊਟਿਵ ਇੰਜੀਨੀਅਰ (ਬਿਲਡਿੰਗ), ਅਸਿਸਟੈਂਟ ਇੰਜੀਨੀਅਰ (ਬਿਲਡਿੰਗ) ਅਤੇ ਜੂਨੀਅਰ ਇੰਜੀਨੀਅਰ (ਬਿਲਡਿੰਗ) ਸ਼ਾਮਲ ਹਨ। ਮੁਅੱਤਲੀ ਦੇ ਹੁਕਮਾਂ ਅਨੁਸਾਰ, ਇਨ੍ਹਾਂ ਅਧਿਕਾਰੀਆਂ ਨੂੰ ਮੁਅੱਤਲੀ ਦੇ ਅਰਸੇ ਦੌਰਾਨ ਲਾਗੂ ਨਿਯਮਾਂ ਅਨੁਸਾਰ ਗੁਜ਼ਾਰਾ ਭੱਤਾ (subsistence allowance) ਦਿੱਤਾ ਜਾਵੇਗਾ।
ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਨੇ ਇਸ ਇਲਾਕੇ ਵਿੱਚ ਵਾਪਰੇ ਘਾਤਕ ਇਮਾਰਤ ਹਾਦਸੇ, ਜਿਸ ਵਿੱਚ ਛੇ ਜਾਨਾਂ ਚਲੀਆਂ ਗਈਆਂ ਸਨ, ਤੋਂ ਬਾਅਦ ਸਤਿਆ ਨਿਕੇਤਨ ਵਿੱਚ ਇੱਕ ਇਮਾਰਤ ਨੂੰ “ਖੰਡਰ/ਖ਼ਤਰਨਾਕ” ਘੋਸ਼ਿਤ ਕਰਦਿਆਂ ਤਿੰਨ ਦਿਨਾਂ ਦੇ ਅੰਦਰ-ਅੰਦਰ ਢਾਹੁਣ ਦੇ ਹੁਕਮ ਦਿੱਤੇ ਹਨ।






