Gulveer Asian Games Record: ਅਥਲੀਟ ਗੁਲਵੀਰ ਸਿੰਘ ਨੇ 5000 ਮੀਟਰ ਦੌੜ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਏਸ਼ਿਆਈ ਖੇਡਾਂ ਵਿੱਚ ਤਗਮਿਆਂ ਦੀ ਹੈਟ੍ਰਿਕ ਮੁਕੰਮਲ ਕਰ ਲਈ ਹੈ। ਉਸ ਨੇ 13 ਮਿੰਟ 42.75 ਸਕਿੰਟ ਵਿੱਚ ਦੌੜ ਪੂਰੀ ਕੀਤੀ। ਉਹ ਏਸ਼ਿਆਈ ਖੇਡਾਂ ਵਿੱਚ ਤਿੰਨ ਤਗਮੇ ਜਿੱਤਣ ਵਾਲੇ ਭਾਰਤ ਦੇ ਪਹਿਲੇ ਪੁਰਸ਼ ਦੌੜਾਕ ਬਣ ਗਏ ਹਨ। ਇਸ ਤੋਂ ਪਹਿਲਾਂ ਗੁਲਵੀਰ 10 ਹਜ਼ਾਰ ਮੀਟਰ ਅਤੇ 1500 ਮੀਟਰ ਦੌੜ ਵਿੱਚ ਚਾਂਦੀ ਦੇ ਤਗਮੇ ਜਿੱਤ ਚੁੱਕੇ ਹਨ।
ਨੀਰੂ ਨੇ ਮਹਿਲਾਵਾਂ ਦੀ ਟਰੈਪ ਸ਼ੂਟਿੰਗ ਵਿੱਚ ਜਿੱਤਿਆ ਸੋਨ ਤਗਮਾ
ਭਾਰਤੀ ਨਿਸ਼ਾਨੇਬਾਜ਼ ਨੀਰੂ ਢਾਂਡਾ ਨੇ ਮਹਿਲਾਵਾਂ ਦੀ ਟਰੈਪ ਸ਼ੂਟਿੰਗ ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ। 10 ਦਿਨ ਪਹਿਲਾਂ ਫਲੂ ਕਾਰਨ ਹਸਪਤਾਲ ਵਿੱਚ ਦਾਖ਼ਲ ਰਹੀ ਨੀਰੂ ਇਸ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ।
ਮਿਕਸਡ ਰਿਲੇਅ ਵਿੱਚ ਭਾਰਤ ਨੇ ਜਿੱਤਿਆ ਕਾਂਸੀ
ਭਾਰਤ ਨੇ 4×100 ਮੀਟਰ ਮਿਕਸਡ ਰਿਲੇਅ ਵਿੱਚ ਵੀ ਕਾਂਸੀ ਦਾ ਤਗਮਾ ਜਿੱਤਿਆ। ਭਾਰਤੀ ਟੀਮ ਨੇ ਇਹ ਦੌੜ 41.06 ਸਕਿੰਟ ਵਿੱਚ ਪੂਰੀ ਕੀਤੀ। ਗੁਰਿੰਦਰਵੀਰ ਸਿੰਘ ਨੇ ਭਾਰਤ ਨੂੰ ਤੇਜ਼ ਸ਼ੁਰੂਆਤ ਦਿਵਾਈ ਅਤੇ ਸਨੇਹਾ ਨੇ ਲੀਡ ਕਾਇਮ ਰੱਖੀ। ਇਸ ਤੋਂ ਬਾਅਦ ਅਨਿਮੇਸ਼ ਨੂੰ ਥਾਈਲੈਂਡ ਦੇ ਬੂਨਸਨ ਨੇ ਪਿੱਛੇ ਛੱਡ ਦਿੱਤਾ। ਆਖ਼ਰੀ ਪੜਾਅ ਵਿੱਚ ਹਰਿਤਾ ਨੇ ਤੇਜ਼ ਦੌੜ ਲਾਉਂਦਿਆਂ ਭਾਰਤ ਨੂੰ ਪੋਡੀਅਮ ’ਤੇ ਪਹੁੰਚਾ ਦਿੱਤਾ।
ਇਨ੍ਹਾਂ ਤਗਮਿਆਂ ਨਾਲ ਭਾਰਤ ਦੇ ਕੁੱਲ ਤਗਮਿਆਂ ਦੀ ਗਿਣਤੀ 49 ਹੋ ਗਈ ਹੈ, ਜਿਨ੍ਹਾਂ ਵਿੱਚ ਪੰਜ ਸੋਨ ਤਗਮੇ ਸ਼ਾਮਲ ਹਨ। ਤਗਮਾ ਸੂਚੀ ਵਿੱਚ ਭਾਰਤ 11ਵੇਂ ਸਥਾਨ ’ਤੇ ਹੈ।
10 ਦਿਨ ਪਹਿਲਾਂ ਜਦੋਂ ਨੀਰੂ ਹਸਪਤਾਲ ਵਿੱਚ ਦਾਖ਼ਲ ਸੀ ਤਾਂ ਉਹ ਪੰਜ ਦਿਨਾਂ ਤੱਕ ਕੁਝ ਖਾ-ਪੀ ਵੀ ਨਹੀਂ ਸਕੀ ਸੀ। ਇਸ ਦੌਰਾਨ ਉਨ੍ਹਾਂ ਦੇ ਕੋਚ ਮਨਸ਼ੇਰ ਸਿੰਘ ਨੇ ਨੀਰੂ ਨੂੰ ਬਿਮਾਰੀ ਨੂੰ ਭੁਲਾ ਕੇ ਆਪਣਾ ਪੂਰਾ ਜ਼ੋਰ ਲਾਉਣ ਲਈ ਪ੍ਰੇਰਿਤ ਕੀਤਾ। ਜਿੱਤ ਤੋਂ ਬਾਅਦ ਨੀਰੂ ਨੇ ਕਿਹਾ, ‘‘ਮਨਸ਼ੇਰ ਸਰ ਨੇ ਸਿਰਫ਼ ਇਹ ਕਿਹਾ ਕਿ ਜੋ ਕੁਝ ਹੋਇਆ, ਉਸ ਨੂੰ ਭੁੱਲ ਜਾਓ ਅਤੇ ਨਿਸ਼ਾਨੇ ’ਤੇ ਧਿਆਨ ਲਾਓ। ਮੈਂ ਵੀ ਉਹੀ ਕੀਤਾ।’’






