ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਸੂਬੇ ਵਿੱਚ ਬੀਤੇ ਅਗਸਤ ਮਹੀਨੇ ਦੌਰਾਨ ਭਿਆਨਕ ਜੰਗਲੀ ਅੱਗ ਦੇ ਸੰਕਟ ਵੇਲੇ ਪੀੜਤਾਂ ਦੀ ਨਿਸ਼ਕਾਮ ਸੇਵਾ ਕਰਨ ਲਈ ਦੇਸ਼ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪੈਂਟਿਕਟਨ ਦੇ ਗੁਰਦੁਆਰਾ ਸਾਹਿਬ ਅਤੇ ਸਥਾਨਕ ਸਿੱਖ ਭਾਈਚਾਰੇ ਦੀ ਭਰਪੂਰ ਸ਼ਲਾਘਾ ਕੀਤੀ ਹੈ। ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਵੱਲੋਂ ਵਿਸ਼ੇਸ਼ ਤੌਰ ’ਤੇ ਇੱਕ ਪ੍ਰਸ਼ੰਸਾ ਪੱਤਰ ਭੇਜਿਆ ਗਿਆ ਹੈ।
ਜੰਗਲੀ ਅੱਗਾਂ ਦੇ ਦੌਰ ਦੌਰਾਨ ਸਮਰਲੈਂਡ ਸ਼ਹਿਰ ਅਤੇ ਆਸਪਾਸ ਦੇ ਇਲਾਕੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ, ਜਿਸ ਕਾਰਨ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਖ਼ਾਲੀ ਕਰਨ ਲਈ ਮਜਬੂਰ ਹੋਣਾ ਪਿਆ। ਬਹੁਤ ਸਾਰੇ ਬੇਘਰ ਹੋਏ ਪਰਿਵਾਰ ਪੈਂਟਿਕਟਨ ਆ ਕੇ ਪਾਰਕਾਂ ਅਤੇ ਹੋਰ ਥਾਵਾਂ ਉੱਤੇ ਆਪਣੇ ਟਰੇਲਰਾਂ ਵਿੱਚ ਰਹਿਣ ਲਈ ਮਜਬੂਰ ਸਨ। ਇਸ ਔਖੀ ਘੜੀ ਵਿੱਚ ਪੈਂਟਿਕਟਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਨੇ ਮਨੁੱਖਤਾ ਦੀ ਮਿਸਾਲ ਪੇਸ਼ ਕਰਦਿਆਂ ਅੱਗੇ ਵਧ ਕੇ ਮਦਦ ਕੀਤੀ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਸੰਕਟ ਦੇ ਉਸ ਸਮੇਂ ਵਿੱਚ ਪੈਂਟਿਕਟਨ ਸਿੱਖ ਭਾਈਚਾਰੇ ਵੱਲੋਂ ਨਿਭਾਈ ਗਈ ਸੇਵਾ ਬਹੁਤ ਹੀ ਸ਼ਲਾਘਾਯੋਗ ਅਤੇ ਪ੍ਰੇਰਣਾਦਾਇਕ ਹੈ। ਗੁਰਦੁਆਰਾ ਸਾਹਿਬ ਵਿਖੇ ਨਾ ਸਿਰਫ਼ ਲੋੜਵੰਦਾਂ ਅਤੇ ਬੇਘਰ ਹੋਏ ਲੋਕਾਂ ਲਈ ਰਸਦ ਤੇ ਖਾਣ-ਪੀਣ ਦਾ ਸਮਾਨ (ਜਿਵੇਂ ਦਾਲ, ਚੌਲ ਅਤੇ ਤਾਜ਼ਾ ਸਲਾਦ ਆਦਿ) ਪੈਕ ਕਰਕੇ ਘਰ-ਘਰ ਅਤੇ ਕੈਂਪਾਂ ਤੱਕ ਪਹੁੰਚਾਇਆ ਗਿਆ, ਸਗੋਂ ਗੁਰਦੁਆਰੇ ਦੇ ਵਿਹੜੇ ਵਿੱਚ ਲੋੜਵੰਦਾਂ ਦੇ ਟਰੇਲਰ ਆਦਿ ਖੜ੍ਹੇ ਕਰਨ ਅਤੇ ਉਨ੍ਹਾਂ ਦੇ ਠਹਿਰਨ ਲਈ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ ਸਨ।
ਦੱਸਣਯੋਗ ਹੈ ਕਿ ਇਸ ਕੁਦਰਤੀ ਆਫ਼ਤ ਦੌਰਾਨ ਬੀ.ਸੀ. ਵਿੱਚ 100 ਤੋਂ ਵੱਧ ਥਾਵਾਂ ’ਤੇ ਜੰਗਲੀ ਅੱਗਾਂ ਲੱਗਣ ਕਾਰਨ ਐਮਰਜੈਂਸੀ ਲਾਗੂ ਕਰਨੀ ਪਈ ਸੀ ਅਤੇ 22,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਆਦੇਸ਼ ਜਾਰੀ ਹੋਏ ਸਨ। ਇਸ ਔਖੇ ਸਮੇਂ ਪੈਂਟਿਕਟਨ ਜਿੱਥੇ 1500 ਦੇ ਕਰੀਬ ਪੰਜਾਬੀ ਆਬਾਦੀ ਵਾਲਾ ਛੋਟਾ ਜਿਹਾ ਸ਼ਹਿਰ ਹੈ, ਉੱਥੇ ਦੇ ਸਿੱਖ ਭਾਈਚਾਰੇ ਨੇ ਆਪਣੇ ਅਮੀਰ ਵਿਰਸੇ ਅਤੇ ਸੇਵਾ ਦੀ ਭਾਵਨਾ ਨੂੰ ਮੁੱਖ ਰੱਖਦਿਆਂ ਮਿਸਾਲੀ ਕਾਰਜ ਕੀਤਾ। ਸਰੀ ਸੈਂਟਰ ਤੋਂ ਮੈਂਬਰ ਪਾਰਲੀਮੈਂਟ (ਐੱਮ.ਪੀ.) ਰਣਦੀਪ ਸਰਾਏ ਵੱਲੋਂ ਵੀ ਪੈਂਟਿਕਟਨ ਦੇ ਗੁਰਦੁਆਰਾ ਸਾਹਿਬ ਨੂੰ ਪੱਤਰ ਭੇਜ ਕੇ ਇਸ ਨੇਕ ਕਾਰਜ ਲਈ ਵਧਾਈ ਦਿੱਤੀ ਗਈ ਹੈ। ਕੈਨੇਡਾ ਦੇ ਸਿਖਰਲੇ ਲੀਡਰਾਂ ਵੱਲੋਂ ਮਿਲੀਆਂ ਇਨ੍ਹਾਂ ਮਾਨਤਾਵਾਂ ਨੇ ਸੂਬੇ ਵਿੱਚ ਭਾਰਤੀ ਭਾਈਚਾਰੇ ਦੇ ਮਾਣ ਨੂੰ ਹੋਰ ਵਧਾ ਦਿੱਤਾ ਹੈ।






