ਸੋਮਾਲੀਆ ਵਿੱਚ ਸਮੁੰਦਰੀ ਲੁਟੇਰਿਆਂ ਵੱਲੋਂ ਕਬਜ਼ੇ ਵਿੱਚ ਲਏ ਗਏ ਇੱਕ ਬਾਲਣ ਟੈਂਕਰ ‘ਤੇ ਸਵਾਰ ਚਾਲਕ ਦਲ ਦੇ ਪੰਜ ਮੈਂਬਰਾਂ ਦੀ ਹੱਤਿਆ ਕਰ ਦਿੱਤੀ ਗਈ ਹੈ, ਜਿਨ੍ਹਾਂ ਵਿੱਚ ਇੱਕ ਭਾਰਤੀ ਮਲਾਹ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਅਫ਼ਰੀਕੀ ਦੇਸ਼ ਦੇ ਸੁਰੱਖਿਆ ਬਲਾਂ ਨੇ ਜਹਾਜ਼ ‘ਤੇ ਮੁੜ ਕੰਟਰੋਲ ਹਾਸਲ ਕਰ ਲਿਆ ਹੈ।
ਨਿਊਜ਼ ਪੋਰਟਲ ‘ਸੋਮਾਲੀਆ ਟੂਡੇ’ ਅਨੁਸਾਰ, ਪੰਟਲੈਂਡ ਮੈਰੀਟਾਈਮ ਪੁਲੀਸ ਫੋਰਸ (PMPF) ਨੇ ਦੱਸਿਆ ਕਿ ਮੰਗਲਵਾਰ ਤੜਕੇ ਤਿੰਨ ਪਾਕਿਸਤਾਨੀ, ਇੱਕ ਭਾਰਤੀ ਅਤੇ ਮਿਆਂਮਾਰ ਦਾ ਇੱਕ ਨਾਗਰਿਕ ਮਾਰਿਆ ਗਿਆ। ਪੀ ਐੱਮ ਪੀ ਐੱਫ ਨੇ ਪਲਾਊ ਦੇ ਝੰਡੇ ਵਾਲੇ ਬਾਲਣ ਟੈਂਕਰ ‘ਐੱਮਟੀ ਆਨਰ 25’ ਨੂੰ ਆਪਣੇ ਕਬਜ਼ੇ ਵਿੱਚ ਲੈਣ ਲਈ ਅਪਰੇਸ਼ਨ ਸ਼ੁਰੂ ਕੀਤਾ।
ਪੰਟਲੈਂਡ ਸੋਮਾਲੀਆ ਦਾ ਇੱਕ ਅਰਧ-ਖੁਦਮੁਖਤਿਆਰ ਖੇਤਰ ਹੈ। ਪੀ ਐੱਮ ਪੀ ਐੱਫ ਨੇ ਇਨ੍ਹਾਂ ਮੌਤਾਂ ਲਈ ਪੰਟਲੈਂਡ ਦੇ ਤੱਟ ਨੇੜੇ ਜਹਾਜ਼ ‘ਤੇ ਕਬਜ਼ਾ ਕਰਨ ਵਾਲੇ ਸੋਮਾਲਿਆਈ ਸਮੁੰਦਰੀ ਲੁਟੇਰਿਆਂ ਨੂੰ ਜ਼ਿੰਮੇਵਾਰ ਠਹਿਰਾਇਆ। ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਚਾਲਕ ਦਲ ਦੇ ਮੈਂਬਰਾਂ ਦੀ ਮੌਤ ਕਿਵੇਂ ਜਾਂ ਕਦੋਂ ਹੋਈ।
ਯੂਰਪੀਅਨ ਯੂਨੀਅਨ ਦੀ ਸਮੁੰਦਰੀ ਫੌਜ ਅਨੁਸਾਰ, ਇਸ ਜਹਾਜ਼ ‘ਤੇ ਅਪਰੈਲ ਵਿੱਚ ਉਸ ਸਮੇਂ ਕਬਜ਼ਾ ਕੀਤਾ ਗਿਆ ਸੀ ਜਦੋਂ ਉਹ ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵੱਲ ਜਾ ਰਿਹਾ ਸੀ। ਜਹਾਜ਼ ‘ਤੇ ਚਾਲਕ ਦਲ ਦੇ ਕਰੀਬ 17 ਮੈਂਬਰ ਸਵਾਰ ਸਨ, ਜਿਨ੍ਹਾਂ ਵਿੱਚ ਜ਼ਿਆਦਾਤਰ ਪਾਕਿਸਤਾਨੀ ਨਾਗਰਿਕ ਸਨ। ਜਹਾਜ਼ ਵਿੱਚ ਤੇਲ ਉਤਪਾਦ ਵੀ ਲੱਦੇ ਹੋਏ ਸਨ।
‘ਬੀ ਬੀ ਸੀ ਸੋਮਾਲੀ’ ਅਨੁਸਾਰ, ਚਾਲਕ ਦਲ ਵਿੱਚ 10 ਪਾਕਿਸਤਾਨੀ, ਚਾਰ ਇੰਡੋਨੇਸ਼ੀਆਈ, ਇੱਕ ਭਾਰਤੀ, ਇੱਕ ਸ੍ਰੀਲੰਕਾਈ ਅਤੇ ਇੱਕ ਮਿਆਂਮਾਰ ਦਾ ਨਾਗਰਿਕ ਸ਼ਾਮਲ ਸੀ।
ਪੀ ਐੱਮ ਪੀ ਐੱਫ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ‘ਤੇ ਦੱਸਿਆ ਕਿ ਉਸ ਨੇ ਅਪਰੇਸ਼ਨ ਚਲਾ ਕੇ ‘ਐੱਮਟੀ ਆਨਰ 25’ ਨੂੰ ਸਫਲਤਾਪੂਰਵਕ ਬਚਾ ਲਿਆ ਹੈ। ਉਸ ਨੇ ਕਿਹਾ ਕਿ ਜਹਾਜ਼ ਹੁਣ ਸੁਰੱਖਿਅਤ ਹੈ ਅਤੇ ਪੰਟਲੈਂਡ ਸਰਕਾਰ ਦੇ ਕੰਟਰੋਲ ਵਿੱਚ ਹੈ। ਮੁਹਿੰਮ ਦੌਰਾਨ 16 ਸ਼ੱਕੀ ਸਮੁੰਦਰੀ ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਬਾਕੀ ਸ਼ੱਕੀਆਂ ਦੀ ਭਾਲ ਜਾਰੀ ਹੈ।
‘ਦਿ ਡੇਲੀ ਸੋਮਾਲੀ’ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਸਮੁੰਦਰੀ ਲੁਟੇਰਿਆਂ ਨੇ ਸ਼ੁਰੂਆਤ ਵਿੱਚ ਆਤਮ ਸਮਰਪਣ ਦੀ ਪੇਸ਼ਕਸ਼ ਕੀਤੀ ਸੀ ਅਤੇ ਇਸ ਦੌਰਾਨ ਚਾਲਕ ਦਲ ਦੇ ਮੈਂਬਰਾਂ ਦੀ ਮੌਤ ਦੀ ਗੱਲ ਲੁਕਾਈ ਗਈ। ਰਿਪੋਰਟ ਮੁਤਾਬਕ, 18,500 ਬੈਰਲ ਬਾਲਣ ਲੈ ਕੇ ਮੋਗਾਦਿਸ਼ੂ ਜਾ ਰਹੇ ਇਸ ਵਪਾਰਕ ਜਹਾਜ਼ ‘ਤੇ 21 ਅਪਰੈਲ ਨੂੰ ਸਮੁੰਦਰੀ ਲੁਟੇਰਿਆਂ ਨੇ ਕਬਜ਼ਾ ਕੀਤਾ ਸੀ।






