ਸੰਸਦ ਮੈਂਬਰ ਤੇ ਕਾਂਗਰਸੀ ਨੇਤਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਦਿੱਲੀ ’ਚ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਰਸਮੀ ਤੌਰ ’ਤੇ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ। ਹਾਲਾਂਕਿ ਉਨ੍ਹਾਂ ਨੇ ਖ਼ੁਦ ਹੀ ਲੰਘੇ ਕੱਲ੍ਹ ਆਪਣੇ ਆਪ ਨੂੰ ‘ਸਾਬਕਾ ਪ੍ਰਧਾਨ’ ਐਲਾਨ ਦਿੱਤਾ ਸੀ ਪ੍ਰੰਤੂ ਅੱਜ ਰਸਮੀ ਪ੍ਰਕਿਰਿਆ ਤਹਿਤ ਰਾਜਾ ਵੜਿੰਗ ਨੇ ਆਪਣਾ ਅਸਤੀਫ਼ਾ ਰਾਹੁਲ ਗਾਂਧੀ ਨੂੰ ਸੌਂਪ ਦਿੱਤਾ ਹੈ। ਵੜਿੰਗ ਨੇ ਸਪਸ਼ਟ ਕਿਹਾ ਕਿ ਉਸ ਤੋਂ ਅਸਤੀਫ਼ਾ ਲਿਆ ਨਹੀਂ ਬਲਕਿ ਉਨ੍ਹਾਂ ਨੇ ਖ਼ੁਦ ਅਸਤੀਫ਼ਾ ਦਿੱਤਾ ਹੈ।
ਕਾਂਗਰਸ ਹਾਈਕਮਾਂਡ ਤਰਫ਼ੋਂ ਹੁਣ ਨਵੇਂ ਪ੍ਰਧਾਨ ਦਾ ਐਲਾਨ ਕਿਸੇ ਵੇਲੇ ਵੀ ਸੰਭਵ ਹੈ। ਰਾਜਾ ਵੜਿੰਗ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਮਗਰੋਂ ਕਿਹਾ ਕਿ ‘ਮੈਂ ਰਾਹੁਲ ਗਾਂਧੀ ਨੂੰ ਮਿਲ ਕੇ ਰਸਮੀ ਤੌਰ ’ਤੇ ਉਨ੍ਹਾਂ ਨੂੰ ਕਾਂਗਰਸ ਦੀ ਪ੍ਰਧਾਨਗੀ ਤੋਂ ਆਪਣਾ ਅਸਤੀਫ਼ਾ ਸੌਂਪਿਆ ਹੈ ਜਿਨ੍ਹਾਂ ਦੀ ਬਦੌਲਤ ਉਹ ਸਾਢੇ ਚਾਰ ਸਾਲ ਪਹਿਲਾਂ ਪ੍ਰਧਾਨ ਬਣੇ ਸਨ।’
ਉਨ੍ਹਾਂ ਨੇ ਆਪਣੇ ਸਾਢੇ ਚਾਰ ਸਾਲ ਦੇ ਕਾਰਜਕਾਲ ਦੇ ਤਜਰਬੇ ਤੋਂ ਇਲਾਵਾ ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਚੁਣੌਤੀਆਂ ’ਤੇ ਚਰਚਾ ਕੀਤੀ ਅਤੇ ਜਦੋਂ ਵੀ ਕਾਂਗਰਸ ਨੂੰ ਉਨ੍ਹਾਂ ਦੀ ਲੋੜ ਹੋਵੇਗੀ, ਉਹ ਹਾਜ਼ਰ ਰਹਿਣਗੇ।
ਵੜਿੰਗ ਨੇ ਕਿਹਾ ਕਿ ਕੋਈ ਵੀ ਵਿਅਕਤੀ ਟੀਸੀ ’ਤੇ ਟਿਕਿਆ ਨਹੀਂ ਰਹਿ ਸਕਦਾ ਅਤੇ ਇੱਕ ਦਿਨ ਸਾਬਕਾ ਹੋਣਾ ਹੀ ਹੁੰਦਾ ਹੈ। ਦੱਸਣਯੋਗ ਹੈ ਕਿ ਪਾਰਟੀ ਹਾਈਕਮਾਂਡ ਨੇ ਜ਼ੁਬਾਨੀ ਤੌਰ ’ਤੇ ਵੜਿੰਗ ਨੂੰ ਪਾਰਟੀ ’ਚ ਕੀਤੀ ਜਾਣ ਵਾਲੀ ਤਬਦੀਲੀ ਤੋਂ ਜਾਣੂ ਕਰਾ ਦਿੱਤਾ ਸੀ ਪ੍ਰੰਤੂ ਅੱਜ ਰਸਮੀ ਪ੍ਰਕਿਰਿਆ ਮੁਕੰਮਲ ਕੀਤੀ ਗਈ ਹੈ।






