ਪੰਜਾਬ ਵਿੱਚ ਕਤਲਾਂ ਸਮੇਤ ਕਰੀਬ ਦੋ ਦਰਜਨ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਅਤੇ ਭਗੌੜੇ ਕਰਾਰ ਦਿੱਤੇ ਗਏ ਬਦਮਾਸ਼ ਅੰਮ੍ਰਿਤਪਾਲ ਸਿੰਘ ਬਾਠ (33) ਉਰਫ਼ ਹਰਪ੍ਰੀਤ ਸਿੰਘ ਨੂੰ ਸਰੀ ਪੁਲੀਸ ਨੇ ਗ੍ਰਿਫ਼ਤਾਰ ਕਰ ਕੇ ਕੈਨੇਡਾ ਦੀ ਕੇਂਦਰੀ ਪੁਲੀਸ ਯਾਨੀ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ (RCMP) ਨੂੰ ਸੌਂਪ ਦਿੱਤਾ ਹੈ, ਜਿਸ ਵੱਲੋਂ ਉਸ ਨੂੰ ਭਾਰਤ ਭੇਜਣ ਲਈ ਰਸਮੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਉਸ ਦੀ ਗ੍ਰਿਫ਼ਤਾਰੀ ਲਈ ਭਾਰਤ ਨੇ ਇੰਟਰਪੋਲ ਤੋਂ ਮਦਦ ਮੰਗੀ ਸੀ। ਉਸ ਦੇ ਕੈਨੇਡਾ ਵਿੱਚ ਹੋਣ ਬਾਰੇ ਪਤਾ ਲੱਗਣ ’ਤੇ ਸਰੀ ਪੁਲੀਸ ਨੂੰ ਸੂਚਿਤ ਕੀਤਾ ਗਿਆ ਸੀ।
ਪੰਜਾਬ ਪੁਲੀਸ ਵੱਲੋਂ ਤਰਨ ਤਾਰਨ ਜ਼ਿਲ੍ਹੇ ਨਾਲ ਸਬੰਧਤ ਅੰਮ੍ਰਿਤਪਾਲ ਸਿੰਘ ਬਾਠ, ਜਿਸ ਉੱਤੇ ਪਿੰਡ ਲਾਲੂ ਘੁੰਮਣ ਦੇ ਬਜ਼ੁਰਗ ਸਰਪੰਚ ਅਤੇ ਇਸੇ ਜ਼ਿਲ੍ਹੇ ਦੇ ਇੱਕ ਹੋਰ ਪਿੰਡ ਦੇ ਸਰਪੰਚ ਗੋਲਡੀ ਚੀਮਾ ਦੇ ਕਤਲਾਂ ਦੀ ਘਾੜਤ ਘੜਨ, ਫਿਰੌਤੀਆਂ ਮੰਗਣ, ਨਸ਼ਾ ਤਸਕਰੀ ਅਤੇ ਪਾਬੰਦੀਸ਼ੁਦਾ ਸੰਗਠਨ ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ ਨਾਲ ਨੇੜਿਓਂ ਜੁੜੇ ਹੋਣ ਸਮੇਤ ਕਰੀਬ ਦੋ ਦਰਜਨ ਅਪਰਾਧਿਕ ਮਾਮਲੇ ਦਰਜ ਹੋਣ ਦੀ ਪੁਸ਼ਟੀ ਜ਼ਿਲ੍ਹਾ ਪੁਲੀਸ ਮੁੱਖੀ ਸੁਰਿੰਦਰ ਲਾਂਬਾ ਨੇ ਜਨਤਕ ਤੌਰ ’ਤੇ ਕੀਤੀ ਹੈ।
ਭਾਰਤੀ ਪੁਲੀਸ ਅਧਿਕਾਰੀ ਨੇ ਸਰੀ ਪੁਲੀਸ ਵੱਲੋਂ ਭਗੌੜੇ ਮੁਲਜ਼ਮ ਦੇ ਫੜੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਮੁਲਜ਼ਮ ਨੂੰ ਭਾਰਤ ਲਿਆਉਣ ਲਈ ਲੋੜੀਂਦੇ ਇਮੀਗ੍ਰੇਸ਼ਨ ਦਸਤਾਵੇਜ਼ ਤਿਆਰ ਕਰ ਕੇ ਕੈਨੇਡਾ ਪੁਲੀਸ ਨੂੰ ਭੇਜੇ ਜਾਣਗੇ। ਸਰੀ ਪੁਲੀਸ ਨੇ ਵੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕਿਸੇ ਦੀ ਵਿਦੇਸ਼ ਹਵਾਲਗੀ ਉਨ੍ਹਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਦਾ ਮਾਮਲਾ ਹੋਣ ਕਰਕੇ ਮੁਲਜ਼ਮ ਦੀ ਹਵਾਲਗੀ ਕੇਂਦਰੀ ਪੁਲੀਸ (RCMP) ਨੂੰ ਸੌਂਪੀ ਗਈ ਹੈ, ਜੋ ਉਸ ਨੂੰ ਭਾਰਤ ਭੇਜਣ ਦੀ ਕਾਰਵਾਈ ਕਰ ਰਹੀ ਹੈ।
ਗੌਰਤਲਬ ਹੈ ਕਿ ਅੰਮ੍ਰਿਤਪਾਲ ਬਾਠ ਉਹੀ ਵਿਅਕਤੀ ਹੈ, ਜਿਸ ਦੀ ਪਤਨੀ ਕੰਚਨਪ੍ਰੀਤ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਨੇ ਹਲਕਾ ਖਡੂਰ ਸਾਹਿਬ ਦੀ ਇੰਚਾਰਜ ਲਗਾਇਆ ਹੋਇਆ ਹੈ। ਕੰਚਨਪ੍ਰੀਤ ਦੀ ਮਾਤਾ ਸੁਖਵਿੰਦਰ ਕੌਰ ਰੰਧਾਵਾ ਨੇ ਨਵੰਬਰ 2025 ਨੂੰ ਤਰਨ ਤਾਰਨ ਵਿਧਾਨ ਸਭਾ ਹਲਕੇ ਲਈ ਹੋਈ ਜ਼ਿਮਨੀ ਚੋਣ ਅਕਾਲੀ ਦਲ (ਬ) ਦੇ ਉਮੀਦਵਾਰ ਵਜੋਂ ਲੜੀ ਸੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਤੋਂ 12 ਹਜ਼ਾਰ ਵੋਟਾਂ ਨਾਲ ਹਾਰ ਗਏ ਸਨ।






