ਅਲਬਰਟਾ ਦੀ ਮੁੱਖ ਮੰਤਰੀ ਡੈਨੀਅਲ ਸਮਿੱਥ ਨੇ ਕਿਹਾ ਹੈ ਕਿ ਸੂਬੇ ਵਿੱਚ ਲੋਕਾਂ ਦੀਆਂ ਜਾਅਲੀ ਫ਼ੋਟੋਆਂ ਸੋਸ਼ਲ ਮੀਡੀਆ ’ਤੇ ਪਾਉਣ ਵਿਰੁੱਧ ਸਰਕਾਰ ਸਖ਼ਤ ਕਾਨੂੰਨ ਲਿਆ ਰਹੀ ਹੈ। ਵਿਧਾਨ ਸਭਾ ਵਿੱਚ ਇਸ ਬਿੱਲ ਦੇ ਪਾਸ ਅਤੇ ਲਾਗੂ ਹੋਣ ਤੋਂ ਬਾਅਦ ਕਿਸੇ ਦੀ ਵੀ ਸਹਿਮਤੀ ਤੋਂ ਬਿਨਾਂ ਉਸ ਦੀ ਗਲਤ ਪ੍ਰਭਾਵ ਵਾਲੀ ਅਸਲੀ ਜਾਂ ਨਕਲੀ ਤਸਵੀਰ ਜਨਤਕ ਨਹੀਂ ਕੀਤੀ ਜਾ ਸਕੇਗੀ। ਜੋ ਕੋਈ ਵੀ ਅਜਿਹਾ ਕਰੇਗਾ, ਪੀੜਤ ਉਸ ਮੁਲਜ਼ਮ ਵਿਰੁੱਧ ਕਾਨੂੰਨੀ ਕਾਰਵਾਈ ਕਰਵਾ ਸਕੇਗਾ, ਜਿਸ ਬਦਲੇ ਦੋ ਸਾਲ ਦੀ ਕੈਦ ਅਤੇ 10 ਹਜ਼ਾਰ ਡਾਲਰ ਦੇ ਜੁਰਮਾਨੇ ਦੀ ਵਿਵਸਥਾ ਹੈ।
ਆਪਣੇ ਅਧਿਕਾਰਤ ਐਕਸ (X) ਖਾਤੇ ’ਤੇ ਪਾਈ ਪੋਸਟ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਬਿੱਲ 33 ਦਾ ਖ਼ਰੜਾ ਤਿਆਰ ਹੋ ਗਿਆ ਹੈ, ਜਿਸ ਦੇ ਵਿਧਾਨ ਸਭਾ ਵਿੱਚ ਪਾਸ ਹੁੰਦੇ ਹੀ ਲਾਗੂ ਹੋਣ ਨਾਲ ਅਜਿਹੇ ਪੀੜਤਾਂ ਨੂੰ ਰਾਹਤ ਮਿਲੇਗੀ ਅਤੇ ਸ਼ਰਾਰਤੀ ਅੰਸਰਾਂ ’ਤੇ ਰੋਕ ਲੱਗ ਸਕੇਗੀ।
ਮੁੱਖ ਮੰਤਰੀ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਮਸਨੂਈ ਬੁੱਧੀ (AI) ਦੇ ਪ੍ਰਚਲਨ ਤੋਂ ਬਾਅਦ ਅਜਿਹਾ ਰੁਝਾਨ ਜ਼ੋਰ ਫੜ ਰਿਹਾ ਹੈ ਕਿ ਕਿਸੇ ਦੀ ਨਿੱਜੀ ਜ਼ਿੰਦਗੀ ਦੇ ਵਿਹਾਰ ਦੀਆਂ ਫ਼ੇਕ ਫ਼ੋਟੋਆਂ ਜਾਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਅਪਲੋਡ ਕਰਕੇ ਉਸ ਨੂੰ ਬਦਨਾਮ ਕੀਤਾ ਜਾਂਦਾ ਹੈ। ਇਸ ਦਿਨੋ-ਦਿਨ ਵਧ ਰਹੇ ਰੁਝਾਨ ’ਤੇ ਨਕੇਲ ਕੱਸਣਾ ਜ਼ਰੂਰੀ ਬਣ ਗਿਆ ਸੀ। ਉਨ੍ਹਾਂ ਆਖਿਆ ਕਿ ਬਿੱਲ ਪਾਸ ਹੋਣ ਤੋਂ ਬਾਅਦ ਕਿਸੇ ਦੀ ਵੀ ਸਹਿਮਤੀ ਤੋਂ ਬਿਨਾਂ ਉਸ ਦੇ ਨਿੱਜੀ ਵਿਹਾਰ ਦੀ ਫ਼ੋਟੋ ਜਾਂ ਵੀਡੀਓ ਜਨਤਕ ਨਹੀਂ ਕੀਤੀ ਜਾ ਸਕੇਗੀ।




