ਨਿਊ ਸਾਊਥ ਵੇਲਜ਼ ਦੇ ਕੌਫ਼ਸ ਹਾਰਬਰ ਵਿਖੇ ਪੈਟਰੋਲ ਸਰਵਿਸ ਸਟੇਸ਼ਨ ਉੱਤੇ ਕੰਮ ਕਰਦੇ ਹਰਦੀਪ ਸਿੰਘ ਦੀ ਦਰਦਨਾਕ ਮੌਤ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਮਾਮਲੇ ਵਿੱਚ ਨਾਮਜ਼ਦ ਜੈਸਿਕਾ ਮੇਅ ਬਰੀਨ ਅਦਾਲਤ ਵਿੱਚ ਪੇਸ਼ ਨਹੀਂ ਹੋਈ, ਜਿਸ ਉੱਤੇ ਜੱਜ ਨੇ ਸਵਾਲ ਉਠਾਏ ਹਨ।
ਪੁਲੀਸ ਅਨੁਸਾਰ 20 ਅਕਤੂਬਰ ਨੂੰ ਸ਼ਾਮ ਕਰੀਬ 7 ਵਜੇ ਹਰਦੀਪ ਸਿੰਘ ਹਾਰਬਰ ਡਰਾਈਵ ਸਥਿਤ ਪੈਟਰੋਲ ਸਟੇਸ਼ਨ ਦੇ ਜ਼ਮੀਨਦੋਜ਼ ਤੇਲ ਟੈਂਕਾਂ ਦਾ ਪੱਧਰ ਜਾਂਚ ਰਿਹਾ ਸੀ। ਇਸੇ ਦੌਰਾਨ ਇੱਕ ਯੂਟ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਹਰਦੀਪ ਗੱਡੀ ਹੇਠ ਫਸ ਗਿਆ। ਮੌਕੇ ਉੱਤੇ ਮੌਜੂਦ ਲੋਕਾਂ ਨੇ ਮੁੱਢਲੀ ਸਹਾਇਤਾ ਦਿੱਤੀ। ਗੰਭੀਰ ਹਾਲਤ ਵਿੱਚ ਉਨ੍ਹਾਂ ਨੂੰ ਪਹਿਲਾਂ ਕੌਫ਼ਸ ਹਾਰਬਰ ਹਸਪਤਾਲ ਅਤੇ ਫਿਰ ਜੌਹਨ ਹੰਟਰ ਹਸਪਤਾਲ ਲਿਜਾਇਆ ਗਿਆ, ਜਿੱਥੇ ਐਤਵਾਰ ਨੂੰ ਉਸ ਦੀ ਮੌਤ ਹੋ ਗਈ।
ਪੁਲੀਸ ਦੀ ਕਾਰਜਕਾਰੀ ਇੰਸਪੈਕਟਰ ਅਮਾਂਡਾ ਕਰਾਊਚ ਮੁਤਾਬਕ ਟੱਕਰ ਮਾਰਨ ਵਾਲੀ ਔਰਤ ਪੈਟਰੋਲ ਦਾ ਭੁਗਤਾਨ ਕਰਨ ਤੋਂ ਬਾਅਦ ਗੱਡੀ ਲੈ ਕੇ ਜਾ ਰਹੀ ਸੀ। ਮੁੱਢਲੀ ਜਾਂਚ ਵਿੱਚ ਘਟਨਾ ਜਾਣਬੁੱਝ ਕੇ ਕੀਤੇ ਜਾਣ ਦਾ ਸੰਕੇਤ ਨਹੀਂ ਮਿਲਿਆ। ਜੈਸਿਕਾ ਖ਼ਿਲਾਫ਼ ਹੁਣ ਲਾਪਰਵਾਹੀ ਨਾਲ ਗੱਡੀ ਚਲਾਉਣ ਕਾਰਨ ਮੌਤ ਹੋਣ ਦਾ ਦੋਸ਼ ਲੱਗਾ ਹੈ। ਉਸ ਦੇ ਵਕੀਲ ਨੇ ਮਾਮਲੇ ਵੱਲ ਲੋਕਾਂ ਅਤੇ ਮੀਡੀਆ ਦੇ ਵਧੇਰੇ ਧਿਆਨ ਦਾ ਹਵਾਲਾ ਦਿੱਤਾ।
ਮਾਨਸਿਕ ਸਿਹਤ ਸਬੰਧੀ ਚਿੰਤਾਵਾਂ ਦੇ ਮੱਦੇਨਜ਼ਰ ਸੁਣਵਾਈ 24 ਨਵੰਬਰ ਤੱਕ ਮੁਲਤਵੀ ਕੀਤੀ ਗਈ ਹੈ। ਜ਼ਮਾਨਤ ਦੀਆਂ ਸ਼ਰਤਾਂ ਤਹਿਤ ਔਰਤ ਨੂੰ ਹਫ਼ਤੇ ਵਿੱਚ ਤਿੰਨ ਵਾਰ ਪੁਲੀਸ ਕੋਲ ਹਾਜ਼ਰੀ ਲਗਾਉਣੀ ਪਵੇਗੀ। ਉਹ ਸ਼ਰਾਬ ਜਾਂ ਨਸ਼ੀਲੇ ਪਦਾਰਥ ਨਹੀਂ ਲੈ ਸਕਦੀ ਅਤੇ ਕਿਸੇ ਵਾਹਨ ਦੀ ਡਰਾਈਵਰ ਸੀਟ ਉੱਤੇ ਵੀ ਨਹੀਂ ਬੈਠ ਸਕਦੀ।
ਹਰਦੀਪ ਦੇ ਭਰਾ ਨੇ ਦੁੱਖ ਦੀ ਇਸ ਘੜੀ ਵਿੱਚ ਸਹਿਯੋਗ ਦੇਣ ਵਾਲੇ ਸਥਾਨਕ ਭਾਈਚਾਰੇ ਦਾ ਧੰਨਵਾਦ ਕੀਤਾ ਹੈ। ਪੁਲੀਸ ਅਤੇ ਸੇਫ਼ ਵਰਕ ਪਲੇਸ ਅਥਾਰਟੀ ਐੱਨ.ਐੱਸ.ਡਬਲਿਊ. (NSW) ਵੱਲੋਂ ਜਾਂਚ ਜਾਰੀ ਹੈ।




