ਸ਼ਿਕਾਗੋ ਨੇੜੇ ਇੱਕ ਹਿੰਦੂ ਮੰਦਰ ਵਿੱਚ ਗੋਲੀਬਾਰੀ ਦੀ ਸਾਜ਼ਿਸ਼ ਨਾਕਾਮ ਹੋ ਗਈ ਹੈ। ਹਾਲਾਂਕਿ ਇਸ ਮਗਰੋਂ ਇਲਾਕੇ ਦੇ ਦੱਖਣੀ ਏਸ਼ਿਆਈ ਭਾਈਚਾਰੇ ਵਿੱਚ ਡਰ ਦਾ ਮਾਹੌਲ ਹੈ। ਸਰਕਾਰੀ ਵਕੀਲਾਂ ਅਨੁਸਾਰ, 11 ਅਕਤੂਬਰ ਨੂੰ ਨਵਰਾਤਰਿਆਂ ਦੇ ਤਿਉਹਾਰ ਮੌਕੇ 19 ਸਾਲਾ ਅਲੈਗਜ਼ੈਂਡਰੋਸ ਪਾਪੋਰਾਕਿਸ ਇਲੀਨੋਇਸ ਦੇ ਔਰੋਰਾ ਸਥਿਤ ਸ੍ਰੀ ਵੈਂਕਟੇਸ਼ਵਰ ਸਵਾਮੀ (ਬਾਲਾਜੀ) ਮੰਦਰ ਪਹੁੰਚਿਆ। ਉਹ ਰਾਈਫਲ ਲੈ ਕੇ ਮੰਦਰ ਦੀ ਪਾਰਕਿੰਗ ਵਿੱਚ ਬੈਠਾ ਸੀ, ਪਰ ਹਥਿਆਰ ਜਾਮ ਹੋਣ ਕਾਰਨ ਗੋਲੀ ਚਲਾਏ ਬਿਨਾਂ ਹੀ ਫਰਾਰ ਹੋ ਗਿਆ।
‘ਟੈਕੋ ਬੈੱਲ’ ਦੇ ਇੱਕ ਕਰਮਚਾਰੀ ਦੀ ਸੂਚਨਾ ਤੋਂ ਬਾਅਦ, ਪੁਲੀਸ ਨੇ ਪਾਪੋਰਾਕਿਸ ਨੂੰ ਉਸੇ ਦਿਨ ਸ਼ਿਕਾਗੋ ਤੋਂ ਕਰੀਬ 64 ਕਿਲੋਮੀਟਰ ਦੂਰ ਪੈਲੇਟਾਈਨ ਸਥਿਤ ਉਸਦੇ ਘਰ ਨੇੜਿਓਂ ਗ੍ਰਿਫ਼ਤਾਰ ਕਰ ਲਿਆ। ਉਸ ‘ਤੇ ਅਤਿਵਾਦੀ ਧਮਕੀ ਦੇਣ ਅਤੇ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਗੰਭੀਰ ਦੋਸ਼ ਲੱਗੇ ਹਨ। ਅਧਿਕਾਰੀਆਂ ਨੂੰ ਉਸਦੇ ਘਰੋਂ ਹਥਿਆਰ, ਗੋਲਾ-ਬਾਰੂਦ, ਨਾਜ਼ੀ ਚਿੰਨ੍ਹ ਅਤੇ ਭਾਰਤੀਆਂ ਵਿਰੁੱਧ ਅਪਮਾਨਜਨਕ ਸ਼ਬਦ ਲਿਖੀ ਗੈਸ ਦੀ ਬੋਤਲ ਬਰਾਮਦ ਹੋਈ ਹੈ। ਉਸਨੇ ਇੱਕ ਨੋਟ ਵਿੱਚ ਵੱਧ ਤੋਂ ਵੱਧ ਗੈਰ-ਗੋਰੇ ਲੋਕਾਂ ਨੂੰ ਮਾਰਨ ਦੀ ਇੱਛਾ ਵੀ ਜ਼ਾਹਰ ਕੀਤੀ ਸੀ।





