ਉੱਤਰਾਖੰਡ ਵਿੱਚ ਚਮੋਲੀ ਜ਼ਿਲ੍ਹੇ ਦੇ ਜੋਸ਼ੀਮੱਠ ਵਿਖੇ ਪਹਾੜੀ ਨਾਲ ਟਕਰਾ ਕੇ ਹਾਦਸਾਗ੍ਰਸਤ ਹੋਏ ਹੈਲੀਕਾਪਟਰ ਵਿੱਚ ਸਵਾਰ ਪਾਇਲਟ ਸਮੇਤ ਸਾਰੇ ਛੇ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਨਿੱਜੀ ਕੰਪਨੀ ਦਾ ਇਹ ਹੈਲੀਕਾਪਟਰ ਬਦਰੀਨਾਥ ਤੋਂ ਦੇਹਰਾਦੂਨ ਜਾਂਦੇ ਸਮੇਂ ਉਡਾਣ ਭਰਨ ਦੇ ਕਰੀਬ ਇੱਕ ਘੰਟੇ ਬਾਅਦ ਹਾਦਸਾਗ੍ਰਸਤ ਹੋ ਗਿਆ ਸੀ। ਹੈਲੀਕਾਪਟਰ ਵਿੱਚ ਸਵਾਰ ਕੈਪਟਨ ਹਿਮਾਂਸ਼ੂ ਅਤੇ ਪੰਜ ਯਾਤਰੀਆਂ ਪ੍ਰਤਾਪ, ਅਰੁਣ, ਸ਼ੰਕਰ ਗੌੜਾ, ਸੁਧੀਰ ਕੇ ਅਤੇ ਐੱਚ ਐੱਸ ਨਟਰਾਜਾ ਦੀ ਮੌਤ ਹੋ ਗਈ। ਹੈਲੀਕਾਪਟਰ ਵਿੱਚ ਸਵਾਰ ਸਾਰੇ ਯਾਤਰੀ ਬੰਗਲੁਰੂ ਦੇ ਰਹਿਣ ਵਾਲੇ ਸਨ।
ਚਮੋਲੀ ਦੇ ਪੁਲੀਸ ਕਪਤਾਨ (ਐੱਸ ਪੀ) ਸੁਰਜੀਤ ਸਿੰਘ ਪਵਾਰ ਨੇ ਦੱਸਿਆ ਕਿ ਸਾਰਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਪਰ ਅਜੇ ਉਨ੍ਹਾਂ ਨੂੰ ਘਟਨਾ ਸਥਾਨ ਤੋਂ ਬਾਹਰ ਨਹੀਂ ਕੱਢਿਆ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ‘ਟਰਾਂਸ ਭਾਰਤ ਏਵੀਏਸ਼ਨ ਪ੍ਰਾਈਵੇਟ ਲਿਮਟਿਡ’ ਦਾ ਹੈਲੀਕਾਪਟਰ ਦੁਪਹਿਰ ਕਰੀਬ 2:20 ਵਜੇ ਮਾਰਵਾੜੀ ਪੁਲ ਕੋਲ ਜੇ ਪੀ ਪਾਵਰ ਹਾਊਸ ਦੇ ਨਜ਼ਦੀਕ ਪਹਾੜੀ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਿਆ।
ਉਨ੍ਹਾਂ ਦੱਸਿਆ ਕਿ ਰਾਹਤ ਅਤੇ ਬਚਾਅ ਕਾਰਜਾਂ ਲਈ ਚਮੋਲੀ ਜ਼ਿਲ੍ਹਾ ਪ੍ਰਸ਼ਾਸਨ, ਪੁਲੀਸ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ ਡੀ ਆਰ ਐੱਫ), ਫੌਜ ਅਤੇ ਭਾਰਤ-ਤਿੱਬਤ ਸੀਮਾ ਪੁਲੀਸ (ਆਈ ਟੀ ਬੀ ਪੀ) ਦੀਆਂ ਟੀਮਾਂ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ ਹੈ।






