ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਸਰੀ ਵਿੱਚ ਬੁੱਧਵਾਰ ਦੇਰ ਰਾਤ ਖ਼ਾਲਿਸਤਾਨ ਰੈਫ਼ਰੈਂਡਮ ਦੇ ਸਰਗਰਮ ਆਗੂ ਅਤੇ ਮਾਰੇ ਗਏ ਅਲਹਿਦਗੀਪਸੰਦ ਆਗੂ ਹਰਦੀਪ ਸਿੰਘ ਨਿੱਝਰ ਦੇ ਸਹਿਯੋਗੀ ਨਰਿੰਦਰ ਸਿੰਘ ਰੰਧਾਵਾ ਦੇ ਘਰ ਬਾਹਰ ਖੜ੍ਹੀ ਉਨ੍ਹਾਂ ਦੀ ਕਾਰ ਨੂੰ ਅੱਗ ਲਗਾ ਦਿੱਤੀ ਗਈ।
ਇਸੇ ਹਮਲੇ ਦੌਰਾਨ “ਟੀਮ ਸ਼ਹੀਦ ਨਿੱਝਰ” ਨਾਲ ਜੁੜੀ ਇੱਕ ਬੱਸ ਨਾਲ ਵੀ ਭੰਨ-ਤੋੜ ਕੀਤੀ ਗਈ ਤੇ ਉੱਪਰ ਵੀ ਸਪਰੇਅ ਪੇਂਟ ਨਾਲ ਲਿਖਤ-ਖ਼ਰਾਬ ਕੀਤੀ ਗਈ।
“ਟੀਮ ਸ਼ਹੀਦ ਨਿੱਝਰ” ਦਾ ਸਬੰਧ ਹਰਦੀਪ ਸਿੰਘ ਨਿੱਝਰ ਨਾਲ ਹੈ। ਉਨ੍ਹਾਂ ਦਾ ਜਨਮ 11 ਅਕਤੂਬਰ 1977 ਨੂੰ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਭਾਰ ਸਿੰਘ ਪੁਰਾ ਵਿੱਚ ਹੋਇਆ ਸੀ ਅਤੇ 18 ਜੂਨ 2023 ਨੂੰ ਸਰੀ ਦੇ ਇਸੇ ਇਲਾਕੇ ਵਿੱਚ ਉਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕੈਨੇਡਾ ਅਤੇ ਐੱਫ਼.ਬੀ.ਆਈ. (FBI) ਨੇ ਇਸ ਕਤਲ ਵਿੱਚ ਭਾਰਤੀ ਖ਼ੁਫ਼ੀਆ ਏਜੰਸੀਆਂ ਸਮੇਤ ਪੰਜਾਬ ਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੈੱਟਵਰਕ ਦਾ ਹੱਥ ਹੋਣ ਦੇ ਦੋਸ਼ ਲਾਏ ਸਨ।
ਸਰੀ ਪੁਲੀਸ ਸਰਵਿਸ ਨੇ ਦੱਸਿਆ ਕਿ ਪੁਲੀਸ ਅਧਿਕਾਰੀਆਂ ਨੂੰ ਰਾਤ 11:45 ਵਜੇ 14500 ਬਲਾਕ ਦੀ 91 ਐਵੇਨਿਊ ਵਿੱਚ ਬੁਲਾਇਆ ਗਿਆ ਸੀ, ਜਿੱਥੇ ਕਾਰ ਨੂੰ ਪੂਰੀ ਤਰ੍ਹਾਂ ਅੱਗ ਲੱਗੀ ਹੋਈ ਸੀ ਅਤੇ ਫ਼ਾਇਰ ਬ੍ਰਿਗੇਡ ਦੀ ਟੀਮ ਅੱਗ ਬੁਝਾਉਣ ਵਿੱਚ ਲੱਗੀ ਹੋਈ ਸੀ। ਛਾਣਬੀਣ ਕਰਨ ਵਾਲਿਆਂ ਦਾ ਮੰਨਣਾ ਹੈ ਕਿ ਸ਼ੱਕੀ ਮੁਲਜ਼ਮ ਪੈਦਲ ਹੀ ਫ਼ਰਾਰ ਹੋ ਗਿਆ। ਪੁਲੀਸ ਨੇ ਕਿਹਾ ਕਿ ਇਸ ਘਟਨਾ ਦਾ ਕੋਈ ਮਕਸਦ ਹਾਲੇ ਤੱਕ ਸਪੱਸ਼ਟ ਨਹੀਂ ਹੋਇਆ ਹੈ ਅਤੇ ਉਨ੍ਹਾਂ ਨੇ ਇਲਾਕਾ ਨਿਵਾਸੀਆਂ ਤੋਂ ਰਾਤ 11 ਵਜੇ ਤੋਂ ਅੱਧੀ ਰਾਤ ਤੱਕ ਦੀ ਸੀ.ਸੀ.ਟੀ.ਵੀ. (CCTV) ਫੁਟੇਜ ਮੰਗੀ ਹੈ। ਮੇਜਰ ਕਰਾਈਮ ਇਨਵੈਸਟੀਗੇਟਰਜ਼ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਘਟਨਾ ਇਲਾਕੇ ਵਿੱਚ ਹੋਈ ਇੱਕ ਖ਼ਾਲਿਸਤਾਨ ਸਮਰਥਕ ਰੈਲੀ ਤੋਂ ਕੁਝ ਘੰਟਿਆਂ ਬਾਅਦ ਵਾਪਰੀ। ਰੰਧਾਵਾ ਅਜਿਹੀਆਂ ਰੈਲੀਆਂ ਦੇ ਜਾਣੇ-ਪਛਾਣੇ ਪ੍ਰਬੰਧਕ ਹਨ ਅਤੇ ਕੈਨੇਡੀਅਨ ਮੀਡੀਆ ਰਿਪੋਰਟਾਂ ਅਨੁਸਾਰ, ਉਨ੍ਹਾਂ ਨੂੰ ਅਪਰੈਲ ਵਿੱਚ “ਡਿਊਟੀ ਟੂ ਵਾਰਨ” (Duty to Warn) ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਦੀ ਜਾਨ ਨੂੰ ਗੰਭੀਰ ਖ਼ਤਰੇ ਬਾਰੇ ਸੂਚਿਤ ਕੀਤਾ ਗਿਆ ਸੀ। ਪੁਲੀਸ ਅਜਿਹੇ ਨੋਟਿਸ ਉਦੋਂ ਜਾਰੀ ਕਰਦੀ ਹੈ ਜਦੋਂ ਉਨ੍ਹਾਂ ਕੋਲ ਕਿਸੇ ਵਿਅਕਤੀ ਦੀ ਜਾਨ ਨੂੰ ਖ਼ਤਰੇ ਸਬੰਧੀ ਪੁਖ਼ਤਾ ਜਾਣਕਾਰੀ ਹੁੰਦੀ ਹੈ।
ਪੁਲੀਸ ਨੇ ਹਾਲੇ ਤੱਕ ਅੱਗਜਨੀ ਦੀ ਇਸ ਘਟਨਾ ਨੂੰ ਰੈਲੀ ਜਾਂ ਕਿਸੇ ਵੀ ਸਮੂਹ/ਗਰੁੱਪ ਨਾਲ ਨਹੀਂ ਜੋੜਿਆ ਹੈ।






