ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਅੰਮ੍ਰਿਤਸਰ (ਉੱਤਰੀ) ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦਾ ਅਸਤੀਫ਼ਾ ਪ੍ਰਵਾਨ ਕਰਨ ਮਗਰੋਂ ਹਲਕਾ ਅੰਮ੍ਰਿਤਸਰ (ਉੱਤਰੀ) (15) ਤੇ ਹਲਕਾ ਸਨੌਰ (114) ਦੀ ਸੀਟ ਨੂੰ ਅਧਿਕਾਰਤ ਤੌਰ ’ਤੇ ‘ਖ਼ਾਲੀ’ (ਵੇਕੈਂਟ) ਐਲਾਨ ਦਿੱਤਾ ਹੈ। ਵਿਧਾਨ ਸਭਾ ਸਕੱਤਰੇਤ ਨੇ ਨੋਟੀਫ਼ਿਕੇਸ਼ਨ ਜਾਰੀ ਕਰਕੇ ਖ਼ਾਲੀ ਹੋਈਆਂ ਦੋਵੇਂ ਸੀਟਾਂ ਦੀ ਸੂਚਨਾ ਭਾਰਤੀ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਹੈ।


ਨਿਯਮਾਂ ਅਨੁਸਾਰ ਇਨ੍ਹਾਂ ਦੋਵੇਂ ਸੀਟਾਂ ’ਤੇ ਹਾਲੇ ਉਪ ਚੋਣ ਹੋਣ ਦੀ ਕੋਈ ਸੰਭਾਵਨਾ ਨਹੀਂ ਕਿਉਂਕਿ ਅਗਲੀ ਅਸੈਂਬਲੀ ਚੋਣ ’ਚ ਛੇ ਮਹੀਨੇ ਤੋਂ ਘੱਟ ਅਰਸਾ ਬਾਕੀ ਰਹਿ ਗਿਆ ਹੈ। ਇਸ ਤੋਂ ਇਲਾਵਾ ਅੱਜ ਸਪੀਕਰ ਸੰਧਵਾਂ ਨੇ ਹਲਕਾ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ। ਸਪੀਕਰ ਨੇ ਇਸ ਮਾਮਲੇ ਦੀ 5 ਨਵੰਬਰ ਨੂੰ ਸੁਣਵਾਈ ਰੱਖੀ ਹੈ।‘ਆਪ’ ਦੀ ਚੀਫ਼ ਵਿੱਪ੍ਹ ਬਲਜਿੰਦਰ ਕੌਰ ਨੇ ਅੱਜ ਵਿਧਾਨ ਸਭਾ ਦੇ ਸਪੀਕਰ ਕੋਲ ਪਟੀਸ਼ਨ ਦਾਇਰ ਕੀਤੀ ਸੀ, ਜਿਸ ’ਚ ਉਨ੍ਹਾਂ ਨੇ ਭਾਰਤੀ ਸੰਵਿਧਾਨ ਦੇ ਦਸਵੇਂ ਸ਼ਡਿਊਲ ਦੇ ਹਵਾਲੇ ਨਾਲ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੂੰ ਪੰਜਾਬ ਵਿਧਾਨ ਸਭਾ ਦੀ ਮੈਂਬਰੀ ਤੋਂ ਅਯੋਗ ਕਰਾਰ ਦਿੱਤੇ ਜਾਣ ਦੀ ਅਪੀਲ ਕੀਤੀ। ਦੱਸਣਯੋਗ ਹੈ ਕਿ ਅੱਜ ਕੁਝ ਘੰਟੇ ਪਹਿਲਾਂ ਹੀ ਦੋ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਭੇਜਿਆ ਸੀ। ਕੁਝ ਘੰਟਿਆਂ ਮਗਰੋਂ ਹੀ ਸਪੀਕਰ ਸੰਧਵਾਂ ਨੇ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ।
ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਜਲੰਧਰ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਅਸਤੀਫ਼ਾ ਦਿੱਤਾ ਸੀ ਜੋ ਪ੍ਰਵਾਨ ਹੋ ਗਿਆ ਸੀ। ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਹਰਮੀਤ ਸਿੰਘ ਪਠਾਨਮਾਜਰਾ ਦੇ ਅਸਤੀਫ਼ੇ ਪ੍ਰਵਾਨ ਹੋਣ ਮਗਰੋਂ ਹੁਣ ਇਹ ਗਿਣਤੀ ਤਿੰਨ ਹੋ ਗਈ ਹੈ।






